ਪੈਦਾਇਸ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50


ਕਾਂਡ 17

ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ ਤਾਂ ਯਹੋਵਾਹ ਨੇ ਉਸਨੂੰ ਦਰਸ਼ਨ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ। ਮੇਰੇ ਲਈ ਇਹ ਗੱਲਾਂ ਕਰ: ਮੇਰਾ ਹੁਕਮ ਮੰਨ ਅਤੇ ਸਹੀ ਢੰਗ ਨਾਲ ਜਿਉਂ।
2 ਜੇ ਤੂੰ ਅਜਿਹਾ ਕਰੇਂਗਾ, ਤਾਂ ਮੈਂ ਤੇਰੇ ਮੇਰੇ ਵਿਚਕਾਰ ਇੱਕ ਇਕਰਾਰਨਾਮਾ ਤਿਆਰ ਕਰਾਂਗਾ। ਮੈਂ ਤੇਰੇ ਲੋਕਾਂ ਨੂੰ ਮਹਾਨ ਕੌਮ ਬਨਾਉਣ ਦਾ ਇਕਰਾਰ ਦਿਆਂਗਾ।
3 ਫ਼ੇਰ ਅਬਰਾਮ ਨੇ ਪਰਮੇਸ਼ੁਰ ਨੂੰ ਸਿਜਦਾ ਕੀਤਾ। ਪਰਮੇਸ਼ੁਰ ਨੇ ਉਸਨੂੰ ਆਖਿਆ,
4 “ਮੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ: ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾ ਦਿਆਂਗਾ।
5 ਮੈਂ ਤੇਰਾ ਨਾਮ ਬਦਲ ਦਿਆਂਗਾ। ਤੇਰਾ ਨਾਮ ਅਬਰਾਮ ਨਹੀਂ ਹੋਵੇਗਾ - ਤੇਰਾ ਨਾਮ ਅਬਰਾਹਾਮ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸਲਈ ਦੇਵਾਂਗਾ ਕਿਉਂਕਿ ਮੈਂ ਤੈਨੂੰ ਅਨੇਕਾਂ ਕੌਮਾਂ ਦਾ ਪਿਤਾ ਬਣਾ ਰਿਹਾ ਹਾਂ।
6 ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਨਵੀਆਂ ਕੌਮਾਂ ਅਤੇ ਰਾਜੇ ਤੇਰੇ ਤੋਂ ਪੈਦਾ ਹੋਣਗੇ।
7 ਮੈਂ ਆਪਣਾ ਇਕਰਾਰਨਾਮਾ ਮੇਰੇ ਅਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਵਿਚਕਾਰ ਹਮੇਸ਼ਾ ਲਈ ਸਦੀਵੀ ਇਕਰਾਰਨਾਮੇ ਵਜੋਂ ਸਥਾਪਿਤ ਕਰ ਰਿਹਾ ਹਾਂ। ਮੈਂ ਤੇਰਾ ਪਰਮੇਸ਼ੁਰ ਹੋਵਾਂਗਾ ਅਤੇ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਪਰਮੇਸ਼ੁਰ ਹੋਵਾਂਗਾ।
8 ਅਤੇ ਮੈਂ ਇਹ ਧਰਤੀ ਤੈਨੂੰ ਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਮੈਂ ਤੁਹਾਨੂੰ ਇਹ ਧਰਤੀ ਦੇ ਦਿਆਂਗਾ ਜਿਸ ਵਿੱਚੋਂ ਤੂੰ ਲੰਘ ਰਿਹਾ ਹੈਂ - ਕਨਾਨ ਦੀ ਧਰਤੀ। ਮੈਂ ਇਹ ਧਰਤੀ ਤੁਹਾਨੂੰ ਸਦਾ ਲਈ ਦੇ ਦੇਵਾਂਗਾ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”
9 ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਹੁਣ ਤੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ। ਤੂੰ ਅਤੇ ਤੇਰੇ ਉੱਤਰਾਧਿਕਾਰੀ ਮੇਰੇ ਇਕਰਾਰਨਾਮੇ ਨੂੰ ਮੰਨਣਗੇ।
10 ਇਕਰਾਰਨਾਮਾ ਇਹ ਹੈ ਜਿਹੜਾ ਤੁਸੀਂ ਮੰਨੋਂਗੇ। ਇਹ ਇਕਰਾਰਨਾਮਾ ਤੁਹਾਡੇ ਤੇ ਮੇਰੇ ਵਿਚਕਾਰ ਹੈ। ਇਹ ਤੁਹਾਡੇ ਸਾਰੇ ਉੱਤਰਾਧਿਕਾਰੀਆਂ ਲਈ ਹੈ: ਜਿਹੜਾ ਵੀ ਮੁੰਡਾ ਜੰਮੇ ਉਸਦੀ ਸੁੰਨਤ ਕਰਨੀ ਜ਼ਰੂਰੀ ਹੈ।
11 ਤੁਸੀਂ ਇਹ ਦਰਸ਼ਾਉਣ ਲਈ ਮਾਸ ਨੂੰ ਕੱਟੋਂਗੇ ਕਿ ਤੁਸੀਂ ਮੇਰੇ ਤੇ ਤੁਹਾਡੇ ਦਰਮਿਆਨ ਹੋਏ ਇਕਰਾਰਨਾਮੇ ਉੱਤੇ ਚੱਲਦੇ ਹੋਂ।
12 ਜਦੋਂ ਪੁੱਤਰ ਅਠਾਂ ਦਿਨਾਂ ਦਾ ਹੋਵੇ, ਤੁਸੀਂ ਉਸਦੀ ਸੁੰਨਤ ਕਰ ਦੇਣੀ। ਕੋਈ ਵੀ ਮੁੰਡਾ ਜੋ ਤੁਹਾਡੇ ਘਰੇ ਜਨਮਿਆ ਜਾਂ ਭਾਵੇਂ ਕਿਸੇ ਵੀ ਵਿਦੇਸ਼ੀ ਗੁਲਾਮ ਦੇ ਘਰੇ ਜਿਸਨੂੰ ਤੁਸੀਂ ਖਰੀਦਿਆ ਹੋਵੇ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ, ਉਸਦੀ ਸੁੰਨਤ ਹੋਣੀ ਚਾਹੀਦੀ ਹੈ।
13 ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਦਰਮਿਆਨ ਹਰ ਮੁੰਡੇ ਦੀ ਸੁੰਨਤ ਹੋਵੇਗੀ। ਜੋ ਵੀ ਮੁੰਡਾ ਤੁਹਾਡੇ ਪਰਿਵਾਰ ਵਿੱਚ ਜੰਮੇ ਜਾਂ ਗੁਲਾਮ ਵਜੋਂ ਖਰੀਦਿਆ ਜਾਵੇ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ, ਮੇਰਾ ਇਕਰਾਰਨਾਮਾ ਸਦੀਵੀ ਇਕਰਾਰਨਾਮੇ ਵਜੋਂ ਤੁਹਾਡੇ ਸ਼ਰੀਰਾਂ ਉੱਤੇ ਨਿਸ਼ਾਨਿਆਂ ਜਾਵੇਗਾ।
14 ਅਬਰਾਹਾਮ, ਤੇਰੇ ਤੇ ਮੇਰੇ ਦਰਮਿਆਨ ਇਕਰਾਰਨਾਮਾ ਇਹ ਹੈ: ਕੋਈ ਵੀ ਆਦਮੀ ਜਿਸਦੀ ਸੁੰਨਤ ਨਾ ਹੋਈ ਹੋਵੇ ਉਸਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਕਿਉਂਕਿ ਉਸ ਬੰਦੇ ਨੇ ਮੇਰਾ ਇਕਰਾਰਨਾਮਾ ਤੋੜਿਆ ਹੈ।”
15 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਮੈਂ ਤੇਰੀ ਪਤਨੀ ਸਾਰਈ ਨੂੰ ਨਵਾਂ ਨਾਮ ਦਿਆਂਗਾ। ਉਸਦਾ ਨਾਮ ਸਾਰਾਹ ਹੋਵੇਗਾ।
16 ਮੈਂ ਉਸ ਨੂੰ ਅਸੀਸ ਦੇਵਾਂਗਾ। ਮੈਂ ਉਸਨੂੰ ਇੱਕ ਪੁੱਤਰ ਦੇਵਾਂਗਾ ਅਤੇ ਤੂੰ ਉਸਦਾ ਪਿਤਾ ਹੋਵੇਂਗਾ। ਉਹ ਅਨੇਕਾਂ ਨਵੀਆਂ ਕੌਮਾਂ ਦੀ ਮਾਤਾ ਹੋਵੇਗੀ। ਉਸ ਤੋਂ ਕੌਮਾਂ ਦੇ ਰਾਜੇ ਪੈਦਾ ਹੋਣਗੇ।”
17 ਅਬਰਾਹਾਮ ਨੇ ਧਰਤੀ ਤੇ ਝੁਕ ਕੇ ਸਿਜਦਾ ਕੀਤਾ ਇਹ ਦਰਸਾਉਣ ਲਈ ਕਿ ਉਹ ਪਰਮੇਸ਼ੁਰ ਦਾ ਆਦਰ ਕਰਦਾ ਸੀ। ਪਰ ਉਹ ਹੱਸ ਪਿਆ ਅਤੇ ਮਨ ਵਿੱਚ ਸੋਚਿਆ, “ਮੈਂ 100 ਵਰ੍ਹਿਆਂ ਦਾ ਹੋ ਗਿਆ ਹਾਂ। ਮੈਂ ਪੁੱਤਰ ਪੈਦਾ ਨਹੀਂ ਕਰ ਸਕਦਾ। ਅਤੇ ਸਾਰਾਹ 90 ਵਰ੍ਹਿਆਂ ਦੀ ਹੈ। ਉਹ ਬੱਚਾ ਪੈਦਾ ਨਹੀਂ ਕਰ ਸਕਦੀ।”
18 ਫ਼ੇਰ ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, “ਕੀ ਤੂੰ ਇਸਮਾਏਲ ਰਾਹੀਂ ਆਪਣਾ ਇਕਰਾਰ ਜਾਰੀ ਨਹੀਂ ਰੱਖ ਸਕਦਾ।”
19 ਪਰਮੇਸ਼ੁਰ ਨੇ ਆਖਿਆ, “ਨਹੀਂ! ਮੈਂ ਆਖਿਆ ਸੀ ਕਿ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸਦਾ ਨਾਮ ਇਸਹਾਕ ਰਖੀਂ। ਮੈਂ ਉਸ ਨਾਲ ਇਕਰਾਰਨਾਮਾ ਕਰਾਂਗਾ। ਉਹ ਇਕਰਾਰਨਾਮਾ ਅਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਉਸਦੇ ਉੱਤਰਾਧਿਕਾਰੀਆਂ ਨਾਲ ਸਦਾ ਜਾਰੀ ਰਹੇਗਾ।
20 “ਤੂੰ ਇਸਮਾਏਲ ਦਾ ਜ਼ਿਕਰ ਕੀਤਾ ਸੀ। ਅਤੇ ਮੈਂ ਸੁਣ ਲਿਆ ਹੈ। ਮੈਂ ਉਸਨੂੰ ਅਸੀਸ ਦੇਵਾਂਗਾ। ਉਸਦੇ ਬਹੁਤ ਸਾਰੇ ਬੱਚੇ ਹੋਣਗੇ। ਉਹ ਬਾਰ੍ਹਾਂ ਮਹਾਨ ਆਗੂਆਂ ਦਾ ਪਿਤਾ ਹੋਵੇਗਾ। ਉਸਦਾ ਪਰਿਵਾਰ ਇੱਕ ਮਹਾਨ ਕੌਮ ਬਣ ਜਾਵੇਗਾ।
21 ਪਰ ਮੈਂ ਆਪਣਾ ਇਕਰਾਰਨਾਮਾ ਇਸਹਾਕ ਨਾਲ ਕਰਾਂਗਾ। ਇਸਹਾਕ ਉਹ ਪੁੱਤਰ ਹੋਵੇਗਾ ਜਿਸਨੂੰ ਸਾਰਾਹ ਜਨਮ ਦੇਵੇਗੀ। ਇਸ ਪੁੱਤਰ ਦਾ ਜਨਮ ਅਗਲੇ ਸਾਲ ਇਸੇ ਸਮੇਂ ਹੋਵੇਗਾ।”
22 ਜਦੋਂ ਪਰਮੇਸ਼ੁਰ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ੁਰ ਉੱਪਰ ਅਕਾਸ਼ ਵਿੱਚ ਚਲਿਆ ਗਿਆ।
23 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਸੁੰਨਤ ਕਰ ਦੇਵੇ। ਇਸ ਲਈ ਅਬਰਾਹਾਮ ਨੇ ਇਸਮਾਏਲ ਅਤੇ ਆਪਣੇ ਘਰ ਵਿੱਚ ਜਨਮੇ ਸਾਰੇ ਗੁਲਾਮਾਂ ਨੂੰ ਇਕਠਿਆਂ ਕਰ ਲਿਆ। ਅਬਰਾਹਾਮ ਨੇ ਉਨ੍ਹਾਂ ਗੁਲਾਮਾਂ ਨੂੰ ਵੀ ਇਕਠਾ ਕਰ ਲਿਆ ਜਿਨ੍ਹਾਂ ਨੂੰ ਪੈਸੇ ਨਾਲ ਖਰੀਦਿਆ ਗਿਆ ਸੀ। ਅਬਰਾਹਾਮ ਦੇ ਘਰ ਦੇ ਹਰੇਕ ਆਦਮੀ ਅਤੇ ਮੁੰਡੇ ਨੂੰ ਇਕਠਿਆਂ ਕਰ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਦੀ ਸੁੰਨਤ ਕਰ ਦਿੱਤੀ ਜਿਵੇਂ ਕਿ ਪਰਮੇਸ਼ੁਰ ਨੇ ਆਖਿਆ ਸੀ।
24 ਅਬਰਾਹਾਮ 99 ਸਾਲਾਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ।
25 ਅਤੇ ਉਸਦਾ ਪੁੱਤਰ, ਇਸਮਾਏਲ 13 ਵਰ੍ਹਿਆਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ।
26 ਅਬਰਾਹਾਮ ਅਤੇ ਉਸਦੇ ਪੁੱਤਰ ਇਸਮਾਏਲ ਦੀ ਉਸ ਇੱਕੋ ਦਿਨ ਸੁੰਨਤ ਕੀਤੀ ਗਈ।
27 ਅਤੇ ਓਸੇ ਦਿਨ ਹੀ ਅਬਰਾਹਾਮ ਦੇ ਘਰ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਗਈ। ਉਸਦੇ ਘਰ ਜੰਮੇ ਸਾਰੇ ਗੁਲਾਮਾਂ ਅਤੇ ਖਰੀਦੇ ਹੋਏ ਸਾਰੇ ਗੁਲਾਮਾਂ ਦੀ ਸੁੰਨਤ ਕੀਤੀ ਗਈ।