੧ ਸਮੋਈਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31


ਕਾਂਡ 30

ਤੀਜੇ ਦਿਨ, ਦਾਊਦ ਅਤੇ ਉਸਦੇ ਆਦਮੀ ਸਿਕਲਗ ਵਿੱਚ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਅਮਾਲੇਕੀਆਂ ਨੇ ਦਖਣ ਵੱਲੋਂ ਸਿਕਲਗ ਉੱਤੇ ਚੜਾਈ ਕੀਤੀ ਹੋਈ ਸੀ ਅਤੇ ਉਸਦੇ ਧਾਵਾ ਬੋਲਕੇ ਸਾਰੇ ਸ਼ਹਿਰ ਨੂੰ ਸਾੜ ਸੁਟਿਆ ਸੀ।
2 ਉਹ ਔਰਤਾਂ ਨੂੰ ਜਿਹੜੀਆਂ ਉਥੇ ਸਨ ਉਨ੍ਹਾਂ ਨੂੰ ਕੈਦੀ ਬਣਾਕੇ ਲੈ ਗਏ। ਉਹ ਸਭ ਬੁਢੇ-ਜਵਾਨ ਬੱਚੇ ਸਭਨਾਂ ਨੂੰ ਚੁੱਕੇ ਲੈ ਗਏ। ਉਨ੍ਹਾਂ ਨੇ ਜਾਨੋਂ ਕਿਸੇ ਨੂੰ ਨਾ ਮਾਰਿਆ, ਸਿਰਫ਼ ਚੁੱਕੇ ਲੈ ਗਏ।
3 ਜਦੋਂ ਦਾਊਦ ਅਤੇ ਉਸਦੇ ਆਦਮੀ ਸਿਕਲਗ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਸ਼ਹਿਰ ਨੂੰ ਬਲਦਾ ਪਾਇਆ। ਉਥੋਂ ਸਭ ਔਰਤਾਂ, ਮਰਦ, ਬੱਚੇ, ਧੀਆਂ-ਪੁੱਤਰ ਜਾ ਚੁੱਕੇ ਸਨ। ਉਨ੍ਹਾਂ ਸਭਨਾਂ ਨੂੰ ਅਮਾਲੇਕੀ ਲੈ ਗਏ ਸਨ।
4 ਦਾਊਦ ਅਤੇ ਉਸਦੇ ਸਾਥੀ ਅਜਿਹੀ ਉੱਚੀ ਆਵਾਜ਼ ਵਿੱਚ ਰੋਏ ਅਤੇ ਰੋਂਦੇ ਰਹੇ। ਜਦ ਤੱਕ ਉਨ੍ਹਾਂ ਦੀ ਆਵਾਜ਼ ਵਿੱਚ ਜ਼ੋਰ ਖਤਮ ਨਾ ਹੋਇਆ, ਉਹ ਉੱਚੀ-ਉੱਚੀ ਰੋਂਦੇ ਰਹੇ ਪਿਟ੍ਟਦੇ ਰਹੇ।
5 ਅਮਾਲੇਕੀ ਦਾਊਦ ਦੀਆਂ ਦੋਨੋਂ ਬੀਵੀਆਂ ਯਿਜ਼ਰਾਏਲੀ ਅਹੀਨੋਅਮ ਅਤੇ ਅਬੀਗੈਲ ਨੂੰ ਵੀ ਜੋ ਕਰਮਲੀ ਨਾਬਾਲ ਦੀ ਬੀਵੀ ਸੀ ਉਠਾਕੇ ਲੈ ਗਏ।
6 ਫ਼ੌਜ ਦੇ ਸਾਰੇ ਹੀ ਆਦਮੀ ਬੜੇ ਉਦਾਸ ਅਤੇ ਦੁੱਖੀ ਸਨ ਕਿਉਂਕਿ ਉਨ੍ਹਾਂ ਦੀਆਂ ਧੀਆਂ ਪੁੱਤਰਾਂ ਨੂੰ ਉਹ ਕੈਦੀ ਬਣਾਕੇ ਲੈ ਗਏ ਸਨ। ਆਦਮੀਆਂ ਨੇ ਦਾਊਦ ਨੂੰ ਪੱਥਰਾਂ ਨਾਲ ਮਾਰ ਮੁਕਾਉਣ ਦੀ ਸੋਚੀ। ਇਸ ਨਾਲ ਦਾਊਦ ਬੜਾ ਪਰੇਸ਼ਾਨ ਹੋਇਆ, ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਕੋਲੋਂ ਤਾਕਤ ਪਾਈ।
7 ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, "ਜਾ ਇੱਥੇ ਏਫ਼ੋਦ ਲੈ ਆ।"
8 ਫ਼ਿਰ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, "ਕਿ ਜਿਹੜੇ ਸਾਡੇ ਪਰਿਵਾਰਾਂ ਨੂੰ ਚੁੱਕੇ ਲੈ ਗਏ ਹਨ, ਕੀ ਮੈਂ ਉਨ੍ਹਾਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫ਼ੜ ਸਕਾਂਗਾ?"ਯਹੋਵਾਹ ਨੇ ਆਖਿਆ, "ਉਨ੍ਹਾਂ ਦਾ ਪਿੱਛਾ ਕਰ! ਤੂੰ ਉਨ੍ਹਾਂ ਨੂੰ ਫ਼ੜ ਲਵੇਂਗਾ ਅਤੇ ਆਪਣੇ ਪਰਿਵਾਰਾਂ ਨੂੰ ਬਚਾ ਲਵੇਂਗਾ।"
9 ਦਾਊਦ ਨੇ 600 ਮਨੁਖਾਂ ਨੂੰ ਆਪਣੇ ਨਾਲ ਲਿਆ ਅਤੇ ਬਸੋਰ ਦੀ ਖੱਡ ਤੱਕ ਆਏ ਅਤੇ 200 ਦੇ ਕਰੀਬ ਬੰਦੇ ਪਿਛੇ ਹੀ ਰਹੇ। ਉਹ ਪਿਛੇ ਇਸ ਲਈ ਰਹੇ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਗਏ ਸਨ ਇੰਨੇ ਥੱਕੇ ਹੋਏ ਸਨ ਕਿ ਚੱਲਣੋ ਅਸਮਰਥ ਸਨ। ਇਸ ਲਈ ਦਾਊਦ ਅਤੇ 400 ਆਦਮੀਆਂ ਨੇ ਅਮਾਲੇਕੀਆਂ ਦਾ ਪਿੱਛਾ ਕੀਤਾ।
10
11 ਦਾਊਦ ਦੇ ਆਦਮੀਆਂ ਨੂੰ ਪੈਲੀਆਂ ਵਿੱਚ ਇੱਕ ਮਿਸਰ ਦਾ ਆਦਮੀ ਮਿਲਿਆ। ਉਹ ਉਸਨੂੰ ਦਾਊਦ ਕੋਲ ਲੈ ਆਏ। ਉਨ੍ਹਾਂ ਨੇ ਉਸ ਆਦਮੀ ਨੂੰ ਖਾਣ ਲਈ ਕੁਝ ਖਾਣਾ ਅਤੇ ਪੀਣ ਲਈ ਪਾਣੀ ਦਿੱਤਾ।
12 ਉਨ੍ਹਾਂ ਨੇ ਉਸ ਮਿਸਰੀ ਨੂੰ ਇੱਕ ਅੰਜੀਰ ਦੀ ਪਿਂਨੀ ਅਤੇ ਦੋ ਗੁਛੇ ਸੌਗੀ ਦੇ ਦਿੱਤੇ। ਉਸਨੂੰ ਖਾਕੇ ਥੋੜੀ ਹੋਸ਼ ਆਈ। ਉਸਨੇ ਤਿੰਨ ਦਿਨਾਂ ਅਤੇ ਤਿੰਨ ਰਾਤਾਂ ਤੋਂ ਕੁਝ ਨਹੀਂ ਸੀ ਖਾਧਾ।
13 ਦਾਊਦ ਨੇ ਉਸ ਮਿਸਰੀ ਨੂੰ ਪੁਛਿਆ, "ਤੇਰਾ ਮਾਲਕ ਕੌਣ ਹੈ?" ਤੂੰ ਕਿਥੋਂ ਆਇਆ ਹੈਂ?"ਉਸ ਮਿਸਰੀ ਨੇ ਜਵਾਬ ਦਿੱਤਾ, "ਮੈਂ ਇੱਕ ਮਿਸਰੀ ਹਾਂ ਅਤੇ ਮੈਂ ਅਮਾਲੇਕੀ ਦਾ ਗੁਲਾਮ ਹਾਂ। ਤਿੰਨ ਦਿਨ ਪਹਿਲਾਂ ਮੈਂ ਬਿਮਾਰ ਹੋ ਗਿਆ ਤਾਂ ਮੇਰਾ ਮਾਲਿਕ ਮੈਨੂੰ ਛੱਡ ਗਿਆ।
14 ਅਸੀਂ ਕੇਰਤੀਆਂ ਦੇ ਦਖਣ ਅਤੇ ਯਹੂਦਾਹ ਦੇ ਦੇਸ਼ ਉੱਤੇ ਅਤੇ ਕਾਲੇਬ ਦੇ ਦਖਣ ਉੱਤੇ ਵੀ ਲੁੱਟ ਮਾਰ ਕੀਤੀ ਅਤੇ ਸਿਕਲਗ ਨੂੰ ਅਸੀਂ ਅੱਗ ਲਾਕੇ ਸਾੜ ਸੁਟਿਆ।"
15 ਦਾਊਦ ਨੇ ਮਿਸਰੀ ਨੂੰ ਆਖਿਆ, "ਭਲਾ ਤੂੰ ਮੈਨੂੰ ਉਹ ਰਾਹ ਦੱਸ ਸਕਦਾ ਹੈਂ ਜਿਧਰ ਉਹ ਸਾਡੇ ਟਬ੍ਬਰਾਂ ਨੂੰ ਲੈਕੇ ਗਿਆ ਹੈ?"ਮਿਸਰੀ ਨੇ ਕਿਹਾ, "ਮੇਰੇ ਨਾਲ ਪਰਮੇਸ਼ੁਰ ਦੀ ਸੌਂਹ ਚੁੱਕ ਕਿ ਫ਼ਿਰ ਤੂੰ ਮੈਨੂੰ ਮੇਰੇ ਮਾਲਕ ਦੇ ਹੱਥ ਨਹੀਂ ਸੌਂਪੇਂਗਾ ਅਤੇ ਨਾ ਹੀ ਮੈਨੂੰ ਜਾਨੋਂ ਮਾਰੇਂਗ਼ਾ ਤਾਂ ਮੈਂ ਤੈਨੂੰ ਉਥੇ ਪਹੁੰਚਾ ਦੇਵਾਂਗਾ।"
16 ਉਹ ਮਿਸਰ ਦਾ ਬੰਦਾ ਦਾਊਦ ਨੂੰ ਅਮਾਲੇਕੀਆਂ ਤੱਕ ਲੈ ਗਿਆ। ਉਹ ਜ਼ਮੀਨ ਉੱਤੇ ਬੈਠਕੇ ਖਾ-ਪੀ ਰਹੇ ਸਨ ਅਤੇ ਮੌਜ ਮਸਤੀ ਕਰ ਰਹੇ ਸਨ। ਉਹ ਜੋ ਕੁਝ ਫ਼ਲਿਸਤੀ ਅਤੇ ਯਹੂਦਾਹ ਦੇ ਦੇਸ਼ ਵਿੱਚੋਂ ਲੁੱਟਕੇ ਲਿਆਏ ਸਨ, ਉਸਦਾ ਜਸ਼ਨ ਮਨਾ ਰਹੇ ਸਨ।
17 ਦਾਊਦ ਨੇ ਨ੍ਹਾਂ ਉੱਪਰ ਜਾਕੇ ਹਮਲਾ ਬੋਲਿਆ ਅਤੇ ਉਨ੍ਹਾਂ ਨੂੰ ਮਾਰ ਸੁਟਿਆ। ਉਹ ਸਵੇਰ ਦੇ ਸੂਰਜ ਚਢ਼ਨ ਤੋਂ ਲੈਕੇ ਅਗਲੇ ਦਿਨ ਦੀ ਸ਼ਾਮ ਤੱਕ ਲੜਦੇ ਰਹੇ। ਇੱਕ ਵੀ ਅਮਾਲੇਕੀ ਬਚ ਨਾ ਸਕਿਆ ਸਿਰਫ਼ 400 ਜੁਆਨ ਊਠਾਂ ਉੱਤੇ ਚਢ਼ਕੇ ਭੱਜ ਨਿਕਲੇ।
18 ਤਦ ਦਾਊਦ ਸਭ ਕੁਝ ਵਾਪਸ ਲੈ ਆਇਆ ਜੋ ਕੁਝ ਅਮਾਲੇਈ ਉਨ੍ਹਾਂ ਦਾ ਲੁੱਟਕੇ ਲਿਆਏ ਸਨ ਸਮੇਤ ਆਪਣੀਆਂ ਦੋਨੋਂ ਬੀਵੀਆਂ ਦੇ।
19 ਕੁਝ ਵੀ ਉਨ੍ਹਾਂ ਦਾ ਸਮਾਨ ਨਾ ਗੁਆਚਿਆ ਨਾ ਘਟਿਆ। ਉਨ੍ਹਾਂ ਨੇ ਸਾਰੇ ਆਪਣੇ ਬੱਚੇ-ਬੁਢੇ, ਪੁੱਤਰ ਅਤੇ ਧੀਆਂ ਲਭ ਲਈ ਅਤੇ ਆਪਣੀਆਂ ਕੀਮਤੀ ਵਸਤਾਂ ਕੁਝ ਵੀ ਅਮਾਲੇਕੀਆਂ ਨੇ ਉਨ੍ਹਾਂ ਦਾ ਲੁਟਿਆ ਸੀ, ਉਹ ਸਭ ਵਾਪਸ ਲੈ ਆਏ। ਦਾਊਦ ਸਭ ਕੁਝ ਵਾਪਸ ਲੈ ਆਇਆ।
20 ਦਾਊਦ ਸਾਰੀਆਂ ਭੇਡਾਂ ਅਤੇ ਪਸ਼ੂ ਵੀ ਵਾਪਸ ਲੈ ਆਇਆ। ਦਾਊਦ ਦੇ ਆਦਮੀਆਂ ਨੇ ਇਨ੍ਹਾਂ ਪਸ਼ੂਆਂ ਨੂੰ ਆਪਣੇ ਅੱਗੇ-ਅੱਗੇ ਜਾਣ ਦਿੱਤਾ। ਦਾਊਦ ਦੇ ਆਦਮੀਆਂ ਨੇ ਕਿਹਾ, "ਇਹ ਸਭ ਦਾਊਦ ਦਾ ਇਨਾਮ ਹੈ।"
21 ਦਾਊਦ ਉਨ੍ਹਾਂ 200 ਮਨੁਖਾਂ ਦੇ ਕੋਲ ਜੋ ਥਕਾਵਟ ਕਰਕੇ ਦਾਊਡ ਦੇ ਨਾਲ ਨਹੀਂ ਸੀ ਜਾ ਸਕੇ, ਜਿਨ੍ਹਾਂ ਨੂੰ ਉਨ੍ਹਾਂ ਨੇ ਬਸੋਰ ਦੀ ਖੱਡ ਕੋਲ ਹੀ ਰਹਿਣ ਦਿੱਤਾ ਸੀ, ਜਦੋਂ ਮੁੜ ਆਏ ਤਾਂ ਉਹ ਲੋਕ ਦਾਊਦ ਅਤੇ ਬਾਕੀ ਦੇ ਮਨੁਖਾਂ ਨੂੰ ਮਿਲਣ ਲਈ ਨਿਕਲੇ ਜਦੋਂ ਦਾਊਦ ਉਨ੍ਹਾਂ ਦੇ ਨੇੜੇ ਆਇਆ ਤਾਂ ਸਨੇ ਲੋਕਾਂ ਦੀ ਸੁਖ-ਸਾਂਦ ਪੁਛੀ।
22 ਉਸ ਟੋਲੀ ਵਿੱਚ ਕੁਝ ਬੁਰੇ ਆਦਮੀ ਵੀ ਸਨ ਜੋ ਉਨ੍ਹਾਂ ਸਭਨਾ ਵਿੱਚ ਫ਼ਸਾਦ ਖੜੇ ਕਰਦੇ ਸਨ ਜਿਹੜੇ ਕਿ ਦਾਊਦ ਦੇ ਨਾਲ ਵੀ ਗਏ ਸਨ। ਉਨ੍ਹਾਂ ਝਗੜਾਲੂਆਂ ਨੇ ਕਿਹਾ, "ਇਹ 200 ਮਨੁੱਖ ਸਾਡੇ ਨਾਲ ਨਹੀਂ ਗਏ ਸਨ। ਇਸ ਕਰਕੇ ਅਸੀਂ ਜੋ ਕੁਝ ਵੀ ਉਥੋਂ ਵਾਪਸ ਲਿਆਏ ਹਾਂ, ਇਨ੍ਹਾਂ ਨੂੰ ਉਸ ਵਿੱਚੋਂ ਕੁਝ ਨਹੀਂ ਦੇਵਾਂਗੇ। ਇਨ੍ਹਾਂ ਆਦਮੀਆਂ ਨੂੰ ਸਿਰਫ਼ ਇਨ੍ਹਾਂ ਦੀਆਂ ਬੀਵੀਆਂ ਅਤੇ ਬੱਚੇ ਹੀ ਵਾਪਸ ਕੀਤੇ ਜਾਣਗੇ।"
23 ਦਾਊਦ ਨੇ ਕਿਹਾ, "ਨਹੀਂ, ਮੇਰੇ ਭਰਾਵੋ। ਇੰਝ ਨਾ ਕਰੋ। ਜ਼ਰਾ ਸੋਚੋ ਯਹੋਵਾਹ ਨੇ ਸਾਨੂੰ ਕੀ ਕੁਝ ਨਹੀਂ ਦਿੱਤਾ। ਜੋ ਯਹੋਵਾਹ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਸਨੇ ਸਾਨੂੰ ਬਚਾਇਆ ਅਤੇ ਜਿਸਨੇ ਸਾਨੂੰ ਲੁਟਿਆ ਸੀ ਉਸਨੂੰ ਉਹਨੇ ਸਾਡੇ ਵਸ਼ ਕਰ ਦਿੱਤਾ।
24 ਇਸ ਗੱਲ ਵਿੱਚ ਤੁਹਾਡੀ ਕੋਈ ਨਹੀਂ ਸੁਣੇਗਾ। ਕਿਉਂਕਿ ਜਿਵੇਂ ਜਿਹੜ ਕੋਈ ਲੜਾਈ ਵਿੱਚ ਜਾਂਦਾ ਹੈ, ਜਿਸ ਤਰ੍ਹਾਂ ਦੀ ਵੰਡ ਉਸਨੂੰ ਮਿਲਦੀ ਹੈ ਤਿਵੇਂ ਹੀ ਜਿਹੜਾ ਕੋਈ ਪਿਛੇ ਡੇਰੇ ਵਿੱਚ ਰਹੇ ਉਸਨੂੰ ਮਿਲੇਗੀ। ਦੋਨਾਂ ਦੀ ਇੱਕੋ ਜਿਹੀ ਵੰਡ ਹੋਵੇਗੀ।"
25 ਉਸ ਦਿਨ ਤੋਂ ਦਾਊਦ ਨੇ ਇਸਰਾਏਲ ਦੇ ਲੋਕਾਂ ਲਈ ਇਹ ਨੇਮ ਬਣਾ ਦਿੱਤਾ ਜੋ ਅੱਜ ਤੀਕ ਠੀਕ ਉਥੇ ਇਵੇਂ ਹੀ ਚੱਲਦਾ ਹੈ।
26 ਜਦੋਂ ਦਾਊਦ ਸਿਕਲਗ ਵਿੱਚ ਆਇਆ ਤਾਂ ਉਸਨੇ ਲੁੱਟ ਵਿੱਚ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤਰਾਂ ਦੇ ਲਈ ਕੁਝ ਭੇਜਿਆ ਅਤੇ ਆਖਿਆ, "ਵੇਖੋ, ਯਹੋਵਾਹ ਨੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਇਹ ਤੁਹਾਡੇ ਲਈ ਇੱਕ ਸੁਗਾਤ ਹੈ।"
27 ਕੁਝ ਅਮਾਲੇਕੀਆਂ ਦੀ ਲੁੱਟ ਦਾ ਸਮਾਨ ਦਾਊਦ ਨੇ ਬੈਤੇਲ ਦੇ ਆਗੂਆਂ ਲਈ ਭੇਜਿਆ ਇਸਤੋਂ ਇਲਾਵਾ ਉਨ੍ਹਾਂ ਕੋਲ ਜੋ ਦਖਣੀ ਰਾਮੋਥ, ਯਤ੍ਤੀਰ ਅਤੇ
28 ਅਰੋਏਰ ਵਿੱਚ ਸਨ। ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਸਿਫ਼ਮੋਥ, ਇਸ਼ਤਿਮੋਆ ਵਿੱਚ ਸਨ।
29 ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਰਾਕਾਲ, ਯਰਹਮਿਏਲੀਆਂ ਅਤੇ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ।
30 ਕੁਝ ਸਮਾਨ ਹਾਰਮਾਹ ਵਿੱਚ ਜੋ ਸਨ ਉਨ੍ਹਾਂ ਨੂੰ ਭੇਜਿਆ ਅਤੇ ਉਨ੍ਹਾਂ ਕੋਲ ਜੋ ਕੋਰਾਸ਼ਾਨ ਵਿੱਚ ਅਤੇ ਅਤਾਕ ਵਿੱਚ,
31 ਅਤੇ ਹਬਰੋਨ ਵਿੱਚ ਸਨ। ਦਾਊਦ ਨੇ ਸਭਨਾ ਥਾਵਾਂ ਵਿੱਚ ਉਨ੍ਹਾਂ ਦੇ ਆਗੂਆਂ ਨੂੰ ਕੁਝ-ਕੁਝ ਸਮਾਨ ਭੇਜਿਆ ਜਿਥੇ-ਜਿਥੇ ਦਾਊਦ ਅਤੇ ਉਸਦੇ ਸਾਥੀ ਕਦੇ ਗਏ ਸਨ।