ਅਜ਼ਰਾ

ਕਾਂਡ : 1 2 3 4 5 6 7 8 9 10

0:00
0:00

ਕਾਂਡ 4

ਉਥੋਂ ਦੇ ਲੋਕ ਯਹੂਦਾਹ ਅਤੇ ਬਿਨਯਾਮੀਨ ਦੇ ਲੋਕਾਂ ਦੇ ਵਿਰੁੱਧ ਸਨ। ਜਦੋਂ ਉਨ੍ਹਾਂ ਵਿਰੋਧੀਆਂ ਨੂੰ ਪਤਾ ਲੱਗਾ ਕਿ ਉਹ ਲੋਕ ਜੋ ਦੇਸ਼ ਨਿਕਾਲੇ ਤੋਂ ਵਾਪਸ ਮੁੜੇ ਸਨ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਲਈ ਇੱਕ ਮੰਦਰ ਉਸਾਰ ਰਹੇ ਸਨ।
2 ਤਾਂ ਇਹ ਵਿਰੋਧੀ ਜ਼ਰੂੱਬਾਬਲ ਅਤੇ ਉਸ ਦੇ ਘਰਾਣਿਆ ਦੇ ਮੁਖੀਆਂ ਕੋਲ ਆਏ ਅਤੇ ਕਿਹਾ, "ਸਾਨੂੰ ਵੀ ਇਸ ਨੂੰ ਉਸਾਰਨ ਵਿੱਚ ਤੁਹਾਡੀ ਮਦਦ ਕਰਨ ਦੇਵੋ ਕਿਉਂ ਕਿ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਸਹਾਇਤਾ ਲੋਚਦੇ ਹਾਂ ਅਤੇ ਅਸੀਂ ਅੱਸ਼ੂਰ ਦੇ ਪਾਤਸ਼ਾਹ, ਏਸਰ ਹਦਨ ਦੇ ਦਿਨਾਂ ਤੋਂ, ਬਲੀਆਂ ਚੜਾਉਂਦੇ ਆ ਰਹੇ ਹਾਂ, ਜੋ ਸਾਨੂੰ ਇੱਥੇ ਲਿਆਇਆ ਸੀ।"
3 ਪਰ ਜ਼ਰੂੱਬਾਬਲ, ਯੇਸ਼ੂਆ ਅਤੇ ਇਸਰਾਏਲ ਦੇ ਘਰਾਣਿਆਂ ਤੇ ਹੋਰ ਆਗੂਆਂ ਨੇ ਕਿਹਾ, "ਨਹੀਂ ਤੁਸੀਂ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਨਿਰਮਾਣ ਲਈ ਸਾਡੀ ਮਦਦ ਨਹੀਂ ਕਰ ਸਕਦੇ ਸਿਰਫ ਯਹੋਵਾਹ ਲਈ ਅਸੀਂ ਹੀ ਭਵਨ ਬਣਾ ਸਕਦੇ ਹਾਂ ਉਹ ਇਸਰਾਏਲ ਦਾ ਪਰਮੇਸ਼ੁਰ ਹੈ ਸਾਨੂੰ ਫਾਰਸ ਦੇ ਪਾਤਸ਼ਾਹ ਕੋਰਸ਼ ਦਾ ਇਹੀ ਹੁਕਮ ਹੈ।"
4 ਤਾਂ ਉਸ ਧਰਤੀ ਦੇ ਲੋਕਾਂ ਦਾ ਹੌਂਸਲਾ ਤੌੜ ਦਿੱਤਾ ਅਤੇ ਉਨ੍ਹਾਂ ਨੂੰ ਇਸਦੀ ਉਸਾਰੀ ਕਰਨ ਤੋਂ ਡਰਾ ਦਿੱਤਾ।
5 ਉਨ੍ਹਾਂ ਨੇ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਦਿਨਾਂ ਤੋਂ ਲੈਕੇ ਦਾਰਾ ਦੇ ਫਾਰਸ ਦਾ ਪਾਤਸ਼ਾਹ ਬਨਣ ਤੀਕ ਉਨ੍ਹਾਂ ਦੀਆਂ ਵਿਉਂਤਾਂ ਨੂੰ ਤਬਾਹ ਕਰਨ ਲਈ ਸਰਕਾਰੀ ਸਲਾਹਕਾਰਾਂ ਨੂੰ ਉਨ੍ਹਾਂ ਦੇ ਖਿਲਾਫ਼ ਕੰਮ ਕਰਨ ਲਈ ਭਾੜੇ ਤੇ ਲਿਆ।
6 ਉਹ ਯਹੂਦੀਆਂ ਨੂੰ ਇਸ ਕਾਰਜ ਤੋਂ ਰੋਕਣ ਲਈ ਫਾਰਸ ਦੇ ਪਾਤਸ਼ਾਹ ਨੂੰ ਚਿੱਠੀਆਂ ਲਿਖਣ ਦੀ ਹਦ੍ਦ ਤੀਕ ਵੀ ਚਲੇ ਗਏ। ਅਹਸ਼ਵੇਰੋਸ਼ ਦੇ ਸ਼ਾਸਨਕਾਲ ਵਿੱਚ ਉਸ ਦੇ ਸ਼ਾਸਨਕਾਲ ਦੇ ਸ਼ੁਰੂ ਵਿੱਚ, ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੇ ਵਿਰੁੱਧ ਚਿੱਠੀਆਂ ਲਿਖੀਆਂ।
7 ਉਪਰੰਤ ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਬਰਦਾਬ, ਟਾਬਏਲ ਤੇ ਉਸਦੇ ਬਾਕੀ ਸਾਥੀਆਂ ਨੇ ਅਰਤਹਸ਼ਸ਼ਤਾ ਨੂੰ ਲਿਖਿਆ। ਇਹ ਚਿੱਠੀ ਅਰਾਮੀ ਲਿਖਾਈ ਵਿੱਚ ਲਿਖੀ ਗਈ ਸੀ ਅਤੇ ਅਰਾਮੀ ਵਿੱਚ ਅਨੁਵਾਦ ਕੀਤੀ ਹੋਈ ਸੀ।
8 ਰਹੂਮ ਰਾਜ ਮੰਤਰੀ ਅਤੇ ਸ਼ਿਮਸਈ ਸਕੱਤਰ ਨੇ ਯਰੂਸ਼ਲਮ ਦੇ ਲੋਕਾਂ ਦੇ ਵਿਰੁੱਧ ਚਿੱਠੀ ਲਿਖੀ। ਇਹ ਚਿੱਠੀ ਉਨ੍ਹਾਂ ਅਰਤਹਸ਼ਸ਼ਤਾ ਪਾਤਸ਼ਾਹ ਨੂੰ ਲਿਖੀ ਜੋ ਇਉਂ ਸੀ:
9 ਕਮਾਨ ਅਧਿਕਾਰੀ ਰਹੂਮ ਅਤੇ ਸ਼ਿਮਸਈ ਸਕੱਤਰ ਤੇ ਉਨ੍ਹਾਂ ਦੇ ਬਾਕੀ ਸਾਥੀਆਂ, ਨਿਆਂਕਾਰਾਂ ਅਤੇ ਟਰਪਲਾਈ, ਫਰਸ, ਅਰਕ, ਦੇ ਮਹੱਤਵਪੂਰਣ ਅਧਿਕਾਰੀਆਂ ਅਤੇ ਸੂਸਾ ਦੇ ਏਲਮਾਈ ਲੋਕਾਂ ਵੱਲੋਂ।
10 ਅਤੇ ਬਾਕੀ ਦੇ ਉਨ੍ਹਾਂ ਸਾਰੇ ਲੋਕਾਂ ਵੱਲੋਂ ਜਿਨ੍ਹਾਂ ਨੂੰ ਮਹਾਨ ਅਤੇ ਸ਼ਰੀਫ਼ ਆਸਨਪਰ ਦੁਆਰਾ ਸਾਮਰਿਯਾ ਸ਼ਹਿਰ ਦੇ ਪਾਰ ਅਤੇ ਦਰਿਆ ਦੇ ਦੂਸਰੇ ਪਾਸੇ ਤੇ ਹੋਰਨਾਂ ਥਾਵਾਂ ਤੇ, ਜੋ ਕਿ ਫ਼ਰਾਤ ਦਰਿਆ ਦੇ ਪੱਛਮ ਵਾਲੇ ਪਾਸੇ ਤੇ ਹੈ ਲਿਜਾਇਆ ਗਿਆ ਸੀ।
11 ਇਹ ਉਸ ਖਤ ਦੀ ਨਕਲ ਹੈ ਜੋ ਉਨ੍ਹਾਂ ਨੇ ਉਸ ਨੂੰ ਭੇਜੀ।ਪਾਤਸ਼ਾਹ ਅਰਤਹਸ਼ਸ਼ਤਾ ਨੂੰ, ਤੁਹਾਡੇ ਸੇਵਕਾਂ ਵੱਲੋਂ, ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਰਹਿੰਦੇ ਹਨ।
12 ਪਾਤਸ਼ਾਹ ਅਰਤਹਸ਼ਸ਼ਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਯਹੂਦੀ ਤੁਸੀਂ ਆਪਣੇ ਵੱਲੋਂ ਭੇਜੇ ਸਨ, ਇੱਥੇ ਪੁੱਜ ਗਏ ਹਨ। ਅਤੇ ਇਹ ਲੋਕ ਇੱਥੇ ਹੁਣ ਇਸ ਨਗਰ ਨੂੰ ਮੁੜ ਤੋਂ ਉਸਾਰਨਾ ਚਾਹੁੰਦੇ ਹਨ। ਉਸ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਦੂਜੇ ਪਾਤਸ਼ਾਹਾਂ ਦਾ ਵਿਰੋਧ ਕੀਤਾ ਹੈ। ਉਸ ਸ਼ਹਿਰ ਦੇ ਲੋਕ ਬਦ ਹਨ। ਅਤੇ ਹੁਣ ਉਨ੍ਹਾਂ ਨੇ ਨੀਹਾਂ ਪਾ ਦਿੱਤੀਆਂ ਹਨ ਅਤੇ ਕੰਧਾਂ ਉਸਾਰ ਰਹੇ ਹਨ।
13 ਅਤੇ ਪਾਤਸ਼ਾਹ, ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਸ਼ਹਿਰ ਦੁਬਾਰਾ ਉਸਾਰਿਆ ਗਿਆ ਅਤੇ ਇਸ ਦੀਆਂ ਕੰਧਾ ਪੂਰੀਆਂ ਕੀਤੀਆਂ ਗਈਆਂ ਤਾਂ ਇਥੋਂ ਦੇ ਲੋਕ ਆਪਣੇ ਕਰ, ਦਾਨ ਅਤੇ ਫ਼ਰਜ਼ੀ ਕਰ ਦੇਣੇ ਬੰਦ ਕਰ ਦੇਣਗੇ ਅਤੇ ਪਾਤਸ਼ਾਹ ਇਹ ਸਾਰੀ ਆਮਦਨੀ ਗੁਆ ਲਵੇਗਾ।
14 ਅਸੀਂ ਪਾਤਸ਼ਾਹ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਹੋਇਆ ਹੈ ਅਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਵੀ ਹੋਵੇ। ਇਸ ਲਈ ਅਸੀਂ ਇਹ ਚਿੱਠੀ ਪਾਤਸ਼ਾਹ ਨੂੰ ਸੂਚਨਾ ਦੇਣ ਲਈ ਭੇਜ ਰਹੇ ਹਾਂ।
15 ਪਾਤਸ਼ਾਹ ਅਰਤਹਸ਼ਸ਼ਤਾ, ਅਸੀਂ ਤੈਨੂੰ ਇਹ ਸਲਾਹ ਦਿੰਦੇ ਹਾਂ ਕਿ ਤੂੰ ਆਪਣੇ ਤੋਂ ਪਹਿਲਾਂ ਦੇ ਪਾਤਸ਼ਾਹਾਂ ਦੀਆਂ ਲਿਖਤਾਂ ਨੂੰ ਖੋਜ ਤਾਂ ਉਨ੍ਹਾਂ ਲਿਖਤਾਂ ਵਿੱਚ ਤੂੰ ਵੇਖੇਂਗਾ ਕਿ ਯਰੂਸ਼ਲਮ ਨੇ ਹਮੇਸ਼ਾ ਦੂਜੇ ਪਾਤਸ਼ਾਹਾਂ ਦਾ ਵਿਰੋਧ ਕੀਤਾ ਹੈ ਉਨ੍ਹਾਂ ਨੇ ਹਮੇਸ਼ਾ ਦੂਸਰੇ ਰਾਜਿਆਂ ਅਤੇ ਰਾਜਾਂ ਲਈ ਮੁਸੀਬਤ ਪਾਈ ਹੈ। ਪ੍ਰਾਚੀਨ ਸਮਿਆਂ ਤੋਂ ਉੱਥੇ ਦੰਗੇ ਫ਼ਸਾਦ ਹੁੰਦੇ ਰਹੇ ਹਨ। ਇਹ ਕਾਰਣ ਹੈ ਕਿ ਯਰੂਸ਼ਲਮ ਨੂੰ ਉਜਾੜ ਦਿੱਤਾ ਗਿਆ ਸੀ।
16 ਹੇ ਪਾਤਸ਼ਾਹ! ਅਸੀਂ ਤੁਹਾਨੂੰ ਇਹ ਵੀ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਜੇਕਰ ਇਸ ਨਗਰ ਨੂੰ ਅਤੇ ਇਸਦੀਆਂ ਕੰਧਾ ਨੂੰ ਮੁੜ ਬਣਾਇਆ ਗਿਆ ਤਾਂ ਤੁਸੀਂ ਦਰਿਆਓ ਪਾਰ ਦੇ ਪੱਛਮੀ ਹਿੱਸੇ ਤੋਂ ਆਪਣਾ ਕਬਜ਼ਾ ਤੇ ਹਕੂਮਤ ਗੁਆ ਬੈਠੋਗੇ।"
17 ਤਦ ਅਰਤਹਸ਼ਸ਼ਤਾ ਪਾਤਸ਼ਾਹ ਨੇ ਰਹੂਮ, ਕਮਾਨ ਅਧਿਕਾਰੀ,ਸ਼ਿਮਸਈ ਸਕੱਤਰ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਇੱਕ ਜਵਾਬ ਭੇਜਿਆ, ਜੋ ਸਾਮਰਿਯਾ ਦੇ ਸ਼ਹਿਰ ਅਤੇ ਫ਼ਰਾਤ ਦਰਿਆ ਦੇ ਪੱਛਮੀ ਸਬਾਨਾਂ ਤੇ ਰਹਿੰਦੇ ਸਨ।ਸਲਾਮ!
18 ਜਿਹੜੀ ਚਿੱਠੀ ਤੁਸੀਂ ਮੈਨੂੰ ਭੇਜੀ ਉਸਦਾ ਤਰਜਮਾ ਕਰਕੇ ਮੇਰੇ ਸਾਮ੍ਹਣੇ ਪੜੀ ਗਈ ਹੈ।
19 ਮੈਂ ਆਪਣੇ ਤੋਂ ਪਹਿਲੇ ਪਾਤਸ਼ਾਹ ਦੀਆਂ ਲਿਖੇਤਾਂ ਦੀ ਖੋਜ ਪੜਤਾਲ ਕਰਨ ਦਾ ਹੁਕਮ ਦਿੱਤਾ ਤਾਂ ਜੋ ਲਿਖਤਾਂ ਪ੍ਰਪਾਤ ਹੋਈਆਂ ਉਸ ਤੋਂ ਇਹ ਪਤਾ ਲੱਗਾ ਕਿ ਯਰੂਸ਼ਲਮ ਦੇ ਵਿਰੋਧ ਦਾ ਇਕ ਲੰਬਾ ਇਤਹਾਸ ਹੈ ਜੋ ਕਿ ਪਾਤਸ਼ਾਹ ਦੇ ਵਿਰੋਧ ਵਿੱਚ ਹੈ ਯਰੂਸ਼ਲਮ ਅਜਿਹਾ ਥਾਂ ਹੈ ਜਿੱਥੇ ਵਿਰੋਧ-ਰੋਹ ਤੇ ਫਸਾਦ ਅਕਸਰ ਹੁੰਦੇ ਆਏ ਹਨ।
20 ਅਤੇ ਯਰੂਸ਼ਲਮ ਵਿੱਚ ਸ਼ਕਤੀ ਸਾਲੀ ਪਾਤਸ਼ਾਹ ਵੀ ਹੋਏ ਸਨ ਜਿਨ੍ਹਾਂ ਨੇ ਦਰਿਆ ਦੇ ਪੱਛਮੀ ਪਾਸੇ ਦੇ ਸਾਰੇ ਦੇਸਾਂ ਉੱਪਰ ਰਾਜ ਕੀਤਾ ਸੀ। ਇਨ੍ਹਾਂ ਪਾਤਸ਼ਾਹਾਂ ਨੂੰ ਕਰ, ਦਾਨ ਅਤੇ ਫਰਜ਼ੀ ਕਰ ਦਿੱਤੇ ਜਾਂਦੇ ਸਨ।
21 ਹੁਣ ਇਸ ਲਈ ਤੁਸੀ ਹੁਕਮ ਦੇਵੋ ਕਿ ਇਹ ਲੋਕ ਕੰਮ ਬੰਦ ਕਰਨ ਅਤੇ ਜਦ ਤੀਕ ਮੇਰੇ ਵੱਲੋਂ ਆਗਿਆ ਨਾ ਮਿਲੇ ਇਹ ਸ਼ਹਿਰ ਨਾ ਬਣੇ।
22 ਇਸ ਮਾਮਲੇ ਵਿੱਚ ਆਪਣੇ ਕੰਮ ਦੀ ਲਾਪਰਵਾਹੀ ਨਾ ਕਰਨ ਵਿੱਚ ਸਤਰਕ ਰਹਿਣਾ। ਤਾਂ ਜੋ ਰਾਜ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
23 ਜਦ ਅਰਤਹਸ਼ਸ਼ਤਾ ਪਾਤਸ਼ਾਹ ਦੀ ਚਿੱਠੀ ਦੀ ਨਕਲ ਰਹੂਮ ਅਤੇ ਸ਼ਿਮਸਈ ਸਕੱਤਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਅੱਗੇ ਪੜੀ ਗਈ, ਤਾਂ ਉਹ ਛੇਤੀ ਯਹੂਦੀਆਂ ਕੋਲ ਯਰੂਸ਼ਲਮ ਵਿੱਚ ਗਏ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਕੰਮ ਤੋਂ ਰੋਕ ਦਿੱਤਾ।
24 ਤੱਦ ਪਰਮੇਸ਼ੁਰ ਦੇ ਮੰਦਰ ਦਾ ਜੋ ਯਰੂਸ਼ਲਮ ਵਿੱਚ ਸੀ, ਕੰਮ ਰੋਕ ਦਿੱਤਾ ਗਿਆ ਅਤੇ ਫਾਰਸ ਦੇ ਪਾਤਸ਼ਾਹ ਫਾਰਸ ਦੇ ਰਾਜ ਦੇ ਦੂਜੇ ਵਰ੍ਹੇ ਤੀਕ ਇਹ ਕੰਮ ਰੁਕਿਆ ਰਿਹਾ।