ਮਲਾਕੀ

1 2 3 4

0:00
0:00

ਕਾਂਡ 1

ਪਰਮੇਸ਼ੁਰ ਵੱਲੋਂ ਅਗੰਮ ਵਾਕ। ਇਹ ਵਾਕ ਯਹੋਵਾਹ ਵੱਲੋਂ ਇਸਰਾਏਲ ਨੂੰ ਹੈ, ਜਿਸ ਲਈ ਪਰਮੇਸ਼ੁਰ ਨੇ ਮਲਾਕੀ ਨੂੰ ਕਿਹਾ।
2 ਯਹੋਵਾਹ ਨੇ ਆਖਿਆ, "ਮੈਂ ਤੁਹਾਨੂੰ ਪਿਆਰ ਕਰਦਾ ਹਾਂ।"ਪਰ ਤੁਸੀਂ ਕਿਹਾ, "ਕੀ ਸਬੂਤ ਹੈ ਕਿ ਤੂੰ ਸਾਨੂੰ ਪਿਆਰ ਕਰਦਾ ਹੈਂ?"ਯਹੋਵਾਹ ਨੇ ਆਖਿਆ, "ਕੀ ਇਹ ਠੀਕ ਹੈ ਕਿ ਏਸਾਓ ਯਾਕੂਬ ਦਾ ਭਰਾ ਸੀ? ਠੀਕ ਹੈ ਨਾ? ਪਰ ਮੈਂ ਯਾਕੂਬ ਨੂੰ ਚੁਣਿਆ।
3 ਅਤੇ ਮੈਂ ਏਸਾਓ ਨੂੰ ਸਵੀਕਾਰ ਨਾ ਕੀਤਾ, ਸਗੋਂ ਮੈਂ ਉਸਦੇ ਪਹਾੜੀ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਹੁਣ ਓਥੇ ਸਿਰਫ਼ ਜੰਗਲੀ ਗਿੱਦੜ ਹੀ ਵਸਦੇ ਹਨ।"
4 ਭਾਵੇਂ ਅਦੋਮੀ ਆਖਣਗੇ, "ਅਸੀਂ ਬਰਬਾਦ ਹੋ ਗਏ ਪਰ ਅਸੀਂ ਵਾਪਸ ਜਾਕੇ ਆਪਣੇ ਸ਼ਹਿਰ ਨੂੰ ਮੁੜ ਬਣਾਵਾਂਗੇ।"ਪਰ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, "ਜੇਕਰ ਉਨ੍ਹਾਂ ਨੇ ਉਨ੍ਹਾਂ ਸ਼ਹਿਰਾਂ ਨੂੰ ਮੁੜ ਉਸਾਰਿਆ ਤਾਂ ਮੈਂ ਉਨ੍ਹਾਂ ਨੂੰ ਮੁੜ ਨਸ਼ਟ ਕਰ ਦੇਵਾਂਗਾ।" ਇਸੇ ਕਾਰਣ ਲੋਕ ਅਦੋਮ ਨੂੰ ਦੁਸ਼ਟ ਦੇਸ ਮੰਨਦੇ ਹਨ ਜਿਸਨੂੰ ਯਹੋਵਾਹ ਹਮੇਸ਼ਾ ਨਫਰਤ ਕਰਦਾ ਰਿਹਾ ਹੈ।
5 ਤੁਹਾਡੇ ਲੋਕਾਂ ਨੇ ਇਹ ਸਭ ਵੇਖਿਆ ਤਾਂ ਤੁਸੀਂ ਕਿਹਾ, "ਯਹੋਵਾਹ ਮਹਾਨ ਹੈ, ਉਸਦੀ ਮਹਿਮਾ ਇਸਰਾਏਲ ਤੋਂ ਬਾਹਰ ਵੀ ਹੈ।"
6 ਯਹੋਵਾਹ ਸਰਬ ਸ਼ਕਤੀਮਾਨ ਨੇ ਆਖਿਆ, "ਬੱਚੇ ਆਪਣੇ ਪਿਤਾ ਦਾ ਅਤੇ ਨੌਕਰ ਆਪਣੇ ਮਾਲਿਕ ਦਾ ਆਦਰ ਕਰਦੇ ਹਨ। ਮੈਂ ਵੀ ਤੁਹਾਡਾ ਸੁਆਮੀ ਹਾਂ, ਤੁਸੀਂ ਮੇਰਾ ਆਦਰ ਕਿਉਂ ਨਹੀਂ ਕਰਦੇ? ਮੈਂ ਤੁਹਾਡਾ ਪਿਤਾ ਹਾਂ, ਤਾਂ ਫ਼ਿਰ ਭਲਾ ਤੁਸੀਂ ਮੇਰਾ ਆਦਰ ਕਿਉਂ ਨਹੀਂ ਕਰਦੇ? ਤੁਸੀਂ ਜਾਜਕੋ ਮੇਰੇ ਨਾਂ ਦਾ ਨਿਰਾਦਰ ਕਰਦੇ ਹੋ।"ਪਰ ਤੁਸੀਂ ਕਹਿੰਦੇ ਹੋ, "ਅਸੀਂ ਅਜਿਹਾ ਕੀ ਕੀਤਾ ਹੈ ਜੋ ਇਹ ਦਰਸਾਉਂਦਾ ਹੈ ਕਿ ਅਸੀਂ ਤੇਰੇ ਨਾਉਂ ਦੀ ਇੱਜ਼ਤ ਨਹੀਂ ਕਰਦੇ?"
7 ਯਹੋਵਾਹ ਨੇ ਕਿਹਾ, "ਤੁਸੀਂ ਮੇਰੀ ਜਗਵੇਦੀ ਤੇ ਅਪਵਿੱਤਰ ਰੋਟੀ ਲਿਆਉਂਦੇ ਹੋ। ਪਰ ਤੁਸੀਂ ਕਿਹਾ, "ਕਿਹੜੀ ਚੀਜ਼ ਭਲਾ ਰੋਟੀ ਨੂੰ ਅਪਵਿੱਤਰ ਤੇ ਗੰਦੀ ਬਣਾਉਂਦੀ ਹੈ?"ਯਹੋਵਾਹ ਨੇ ਆਖਿਆ, "ਤੁਸੀਂ ਮੇਰੀ ਮੇਜ਼ (ਜਗਵੇਦੀ) ਦਾ ਆਦਰ ਨਹੀਂ ਕਰਦੇ।
8 ਤੁਸੀਂ ਬਲੀ ਲਈ ਅੰਨ੍ਹੇ ਜਾਨਵਰ ਚੜਾਉਂਦੇ ਹੋ। ਅਤੇ ਇਹ ਬੜੀ ਗ਼ਲਤ ਗੱਲ ਹੈ। ਤੁਸੀਂ ਮੇਰੀ ਜਗਵੇਦੀ ਲਈ ਬੀਮਾਰ ਅਤੇ ਲਂਗੜੇ ਜਾਨਵਰਾਂ ਦੀ ਬਲੀ ਲਿਆਉਂਦੇ ਹੋ ਜੋ ਕਿ ਬੜੀ ਗ਼ਲਤ ਗੱਲ ਹੈ। ਕਦੇ ਅਜਿਹੇ ਬੀਮਾਰ ਜਾਨਵਰ ਆਪਣੇ ਹਾਕਮ ਨੂੰ ਦੇਕੇ ਵੇਖੋ, ਕੀ ਉਹ ਬੀਮਾਰ ਜਾਨਵਰਾਂ ਦਾ ਤੋਹਫਾ ਸਵੀਕਾਰ ਕਰ ਲਵੇਗਾ? ਨਹੀਂ! ਉਹ ਅਜਿਹੇ ਤੋਹਫ਼ੇ ਕਦੇ ਵੀ ਸਵੀਕਾਰ ਨਹੀਂ ਕਰੇਗਾ।" ਸਰਬ ਸ਼ਕਤੀਮਾਨ ਯਹੋਵਾਹ ਨੇ ਅਜਿਹੀਆਂ ਗੱਲਾਂ ਆਖੀਆਂ।
9 "ਜਾਜਕੋ, ਤੁਸੀਂ ਯਹੋਵਾਹ ਨੂੰ ਤੁਹਾਡੇ ਲਈ ਚੰਗਾ ਹੋਣ ਦੀ ਮੰਗ ਕਰਦੇ ਹੋ, ਪਰ ਉਹ ਤੁਹਾਡੀ ਨਹੀਂ ਸੁਣਦਾ ਅਤੇ ਇਹ ਸਭ ਤੁਹਾਡਾ ਹੀ ਕਸੂਰ ਹੈ।" ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
10 "ਮੈਂ ਆਸ ਕਰਦਾਂ ਕਿ ਕਾਸ਼ ਤੁਹਾਡੇ ਵਿੱਚੋਂ ਕੋਈ ਜਾਜਕਾਂ ਨੂੰ ਤੁਹਾਡੀਆਂ ਬੇਕਾਰ ਦੀਆਂ ਅਗ੍ਗਾਂ ਮੇਰੀ ਜਗਵੇਦੀ ਤੇ ਬਾਲਣ ਤੋਂ ਰੋਕਣ ਲਈ ਦਰਵਾਜ਼ੇ ਬੰਦ ਕਰ ਦੇਵੇ। ਮੈਂ ਤੁਹਾਡੇ ਨਾਲ ਪ੍ਰਸੰਨ ਨਹੀਂ ਹਾਂ ਨਾ ਹੀ ਮੈਂ ਤੁਹਾਡੀਆਂ ਭੇਟਾਂ ਸਵੀਕਾਰ ਕਰਾਂਗਾ।" ਯਹੋਵਾਹ ਸਰਬ-ਸਕਤੀਮਾਨ ਨੇ ਇਉਂ ਆਖਿਆ।
11 "ਸਾਰੀ ਦੁਨੀਆਂ ਵਿੱਚ ਮੇਰੇ ਨਾਂ ਦਾ ਆਦਰ ਹੁੰਦਾ ਹੈ ਅਤੇ ਸਾਰੀ ਦੁਨੀਆਂ ਦੇ ਦੁਆਲਿਓ ਲੋਕ ਮੇਰੇ ਲਈ ਵਧੀਆ ਤੋਹਫ਼ੇ ਲਿਆਉਂਦੇ ਹਨ। ਉਹ ਮੇਰੇ ਨਾਂ ਤੇ ਤੋਹਫ਼ੇ ਵਜੋਂ ਸੁਗੰਧਤ ਧੂਪਾਂ ਧੁਖਾਉਂਦੇ ਹਨ, ਕਿਉਂ ਕਿ ਉਨ੍ਹਾਂ ਸਾਰੇ ਲੋਕਾਂ ਲਈ ਮੇਰੇ ਨਾਂ ਦੀ ਮਹੱਤਾ ਹੈ।" ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।
12 "ਪਰ ਤੁਸੀਂ ਦਰਸਾਉਂਦੇ ਹੋ ਕਿ ਤੁਸੀਂ ਬਿਲਕੁਲ ਮੇਰੇ ਨਾਂ ਦਾ ਆਦਰ ਨਹੀਂ ਕਰਦੇ। ਯਹੋਵਾਹ ਦੀ ਜਗਵੇਦੀ ਅਪਵਿੱਤਰ ਹੈ ਅਤੇ ਇਸਦੀਆਂ ਬਲੀਆਂ ਅਪਮਾਨਜਨਕ ਹਨ ਆਖਕੇ ਇਸਦੀ ਨਖੇਧੀ ਕਰਦੇ ਹੋ।
13 ਅਤੇ ਤੁਸੀਂ ਉਸ ਮੇਜ਼ (ਜਗਵੇਦੀ) ਤੋਂ ਖਾਣਾ ਪਸੰਦ ਨਹੀਂ ਕਰਦੇ। ਤੁਸੀਂ ਭੋਜਨ ਨੂੰ ਸੁੰਘ ਕੇ ਖਾਣ ਤੋਂ ਮੁਨਕਰ ਹੋ ਜਾਂਦੇ ਹੋ। ਅਤੇ ਆਖਦੇ ਹੋ ਕਿ ਇਹ ਮਾੜਾ ਹੈ ਪਰ ਇਹ ਗੱਲ ਝੂਠ ਹੈ। ਫ਼ਿਰ ਤੁਸੀਂ ਮੇਰੇ ਲਈ ਬੀਮਾਰ, ਲਂਗੜੇ ਅਤੇ ਦਾਗ਼ੀ ਜਾਨਵਰ, ਮੇਰੀ ਬਲੀ ਲਈ ਲੈ ਆਉਂਦੇ ਹੋ। ਤੁਸੀਂ ਬਲੀ ਲਈ ਮੇਰੇ ਕੋਲ ਬੀਮਾਰ ਜਾਨਵਰਾਂ ਦੀ ਚਢ਼ਤ ਲੈ ਆਉਂਦੇ ਹੋ। ਪਰ ਮੈਂ ਤੁਹਾਡੇ ਕੋਲੋਂ ਅਜਿਹੇ ਬੀਮਾਰ ਜਾਨਵਰ ਸਵੀਕਾਰ ਨਾ ਕਰਾਂਗਾ।
14 ਕੁਝ ਲੋਕਾਂ ਕੋਲ ਕੁਝ ਤਗੜੇ ਨਰ ਜਾਨਵਰ ਤਾਂ ਹਨ, ਜਿਨ੍ਹਾਂ ਦੀ ਚੜਾਵੇ ਚ ਉਹ ਬਲੀ ਦੇ ਸਕਦੇ ਹਨ ਪਰ ਉਹ ਵਧੀਆ ਜਾਨਵਰ ਮੇਰੇ ਚੜਾਵੇ ਲਈ ਨਹੀਂ ਲਿਆਉਂਦੇ। ਕੁਝ ਲੋਕ ਮੇਰੇ ਅੱਗੇ ਵਧੀਆ ਜਾਨਵਰਾਂ ਦੀ ਚਢ਼ਤ ਵੀ ਕਰਦੇ ਹਨ ਅਤੇ ਉਹ ਮੋਟੇ ਜਾਨਵਰ ਅਗਾਂਹ ਮੈਨੂੰ ਦੇਣ ਦਾ ਇਕਰਾਰ ਵੀ ਕਰਦੇ ਹਨ ਪਰ ਉਹ ਚਲਾਕੀ ਨਾਲ ਚੰਗੇ ਜਾਨਵਰ ਬਦਲ ਕੇ ਉਨ੍ਹਾਂ ਦੀ ਬਾਵੇਂ ਬੀਮਾਰ ਜਾਨਵਰ ਮੈਨੂੰ ਮਢ਼ ਦਿੰਦੇ ਹਨ। ਉਨ੍ਹਾਂ ਲੋਕਾਂ ਉੱਪਰ ਬਦੀ ਵਾਪਰੇਗੀ। ਮੈਂ ਮਹਾਨ ਪਾਤਸ਼ਾਹ ਹਾਂ। ਤੁਹਾਨੂੰ ਮੇਰੀ ਇੱਜ਼ਤ ਕਰਨੀ ਚਾਹੀਦੀ ਹੈ। ਸਾਰੀ ਦੁਨੀਆਂ ਦੇ ਲੋਕ ਮੇਰਾ ਆਦਰ ਕਰਦੇ ਹਨ।" ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ।