ਅਫ਼ਸੀਆਂ

1 2 3 4 5 6


ਕਾਂਡ 3

ਇਸ ਕਾਰਨ ਮੈਂ ਪੌਲੁਸ ਜੋ ਤੁਸਾਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ।
2 ਪਰ ਤਦ ਜੇ ਤੁਸਾਂ ਪਰਮੇਸ਼ੁਰ ਦੀ ਉਸ ਕਿਰਪਾ ਦੀ ਮੁਖ਼ਤਿਆਰੀ ਦੀ ਖਬਰ ਸੁਣੀ ਜਿਹੜੀ ਮੈਨੂੰ ਤੁਹਾਡੇ ਲਈ ਦਾਨ ਹੋਈ।
3 ਭਈ ਪਰਕਾਸ਼ ਬਾਣੀ ਨਾਲ ਉਹ ਭੇਤ ਮੇਰੇ ਉੱਤੇ ਖੋਲ੍ਹਿਆ ਗਿਆ ਜਿਵੇਂ ਮੈਂ ਥੋੜਾ ਕਰਕੇ ਅੱਗੇ ਲਿਖਿਆ।
4 ਜਿਸ ਤੋਂ ਤੁਸੀਂ ਪੜ੍ਹ ਕੇ ਜਾਣ ਸੱਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ।
5 ਉਹ ਹੋਰਨਾਂ ਸਮਿਆਂ ਵਿੱਚ ਇਨਸਾਨਾਂ ਉੱਤੇ ਉਸ ਪਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪਰਕਾਸ਼ ਕੀਤਾ ਗਿਆ ਹੈ
6 ਅਰਥਾਤ ਏਹ ਕਿ ਮਸੀਹ ਵਿੱਚ ਖੁਸ਼ ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਗੀ ਅਧਕਾਰੀ ਅਤੇ ਇੱਕੋ ਦੇਹੀ ਦੇ ਅਤੇ ਵਾਇਦੇ ਦੇ ਸਾਂਝੀ ਹਨ
7 ਅਤੇ ਪਰਮੇਸ਼ੁਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਰਨ ਮੂਜਬ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ ਖਬਰੀ ਦਾ ਸੇਵਕ ਬਣਿਆ।
8 ਮੇਰੇ ਉੱਤੇ ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਇਹ ਕਿਰਪਾ ਹੋਈ ਭਈ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ ਖਬਰੀ ਸੁਣਾਵਾਂ।
9 ਅਰ ਇਸ ਗੱਲ ਦਾ ਪਰਕਾਸ਼ ਕਰਾਂ ਕਿ ਉਸ ਭੇਤ ਦੀ ਕੀ ਜੁਗਤੀ ਹੈ ਜਿਹੜਾ ਆਦ ਤੋਂ ਪਰਮੇਸ਼ੁਰ ਵਿੱਚ ਗੁਪਤ ਰਿਹਾ ਹੈ, ਜਿਹ ਨੇ ਸਭ ਵਸਤਾਂ ਉਤਪਤ ਕੀਤੀਆਂ।
10 ਭਈ ਹੁਣ ਕਲੀਸਿਯਾ ਦੇ ਰਾਹੀਂ ਸੁਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਇਖ਼ਤਿਆਰਾਂ ਉੱਤੇ ਪਰਮੇਸ਼ੁਰ ਦਾ ਨਾਨਾ ਪਰਕਾਰ ਦਾ ਗਿਆਨ ਪਰਗਟ ਕੀਤਾ ਜਾਵੇ।
11 ਉਸ ਸਦੀਪਕ ਮਨਸ਼ਾ ਦੇ ਅਨੁਸਾਰ ਜਿਹੜੀ ਉਹ ਨੇ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਧਾਰੀ।
12 ਜਿਹ ਦੇ ਵਿੱਚ ਉਸ ਉੱਤੇ ਨਿਹਚਾ ਕਰਨ ਦੇ ਦੁਆਰਾ ਸਾਨੂੰ ਦਿਲੇਰੀ ਅਤੇ ਢੋਈ ਭਰੋਸੇ ਨਾਲ ਪਰਾਪਤ ਹੁੰਦੀ ਹੈ।
13 ਇਸ ਲਈ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀਆਂ ਬਿਪਤਾਂ ਦੇ ਕਾਰਨ ਜੋ ਤੁਹਾਡੀ ਖਾਤਿਰ ਹਨ ਹੌਂਸਲਾ ਨਾ ਹਾਰੋ ਕਿਉਂ ਜੋ ਉਨ੍ਹਾਂ ਤੋਂ ਤੁਹਾਡੀ ਵਡਿਆਈ ਹੈ।
14 ਇਸ ਕਾਰਨ ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ।
15 ਜਿਸ ਤੋਂ ਅਕਾਸ਼ ਅਤੇ ਧਰਤੀ ਉਤਲੇ ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ।
16 ਭਈ ਉਹ ਆਪਣੇ ਪਰਤਾਪ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ।
17 ਕਿ ਮਸੀਹ ਤੁਹਾਡੀਆਂ ਮਨਾਂ ਵਿੱਚ ਨਿਹਚਾ ਦੇ ਦੁਆਰਾ ਵੱਸੇ ਤਾਂ ਜੋ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ
18 ਤੁਸੀਂ ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰਾਂ ਸਮਝ ਸੱਕੋ ਭਈ ਕਿੰਨੀ ਹੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ
19 ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰਾਂ ਜਾਣ ਸੱਕੋ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਭਰਪੂਰੀ ਤੀਕ ਭਰਪੂਰ ਹੋ ਜਾਓ।
20 ਹੁਣ ਉਹ ਦੀ ਜਿਹੜਾ ਅਜਿਹਾ ਸਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਯਾ ਸੋਚਦੇ ਹਾਂ ਉਸ ਨਾਲੋਂ ਅੱਤ ਵਧੀਕ ਕਰ ਸੱਕਦਾ ਹੈ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਵਿੱਚ ਪੋਹੰਦੀ ਹੈ।
21 ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ ਸਾਰੀਆਂ ਪੀੜੀਆਂ ਤੀਕੁਰ ਜੁੱਗੋਂ ਜੁੱਗ ਉਸ ਦੀ ਵਡਿਆਈ ਹੋਵੇ। ਆਮੀਨ।