ਤੀਤੁਸ

1 2 3

0:00
0:00

ਕਾਂਡ 3

ਉਨ੍ਹਾਂ ਨੂੰ ਚੇਤੇ ਕਰਾ ਭਈ ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਅਧੀਨ ਹੋਣ ਅਤੇ ਆਗਿਆਕਾਰ ਬਣੇ ਰਹਿਣ। ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖਣ।
2 ਕਿਸੇ ਦੀ ਬਦਨਾਮੀ ਨਾ ਕਰਨ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।
3 ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਨਦਾਨ, ਅਣਆਗਿਆਕਾਰ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਬਿਲਾਸਾਂ ਦੇ ਗੁਲਾਮ ਸਾਂ, ਬੁਰਿਆਈ ਅਤੇ ਖਾਰ ਵਿੱਚ ਉਮਰ ਭੋਗਦੇ ਸਾਂ, ਘਿਣਾਉਣੇ ਅਤੇ ਇੱਕ ਦੂਏ ਦੇ ਵੈਰੀ ਸਾਂ।
4 ਪਰ ਜਾਂ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪਰਗਟ ਹੋਇਆ।
5 ਤਾਂ ਉਸ ਨੇ ਉਨ੍ਹਾਂ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ।
6 ਜਿਹ ਨੂੰ ਉਸ ਨੇ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਬਹੁਤ ਕਰਕੇ ਵਹਾ ਦਿੱਤਾ।
7 ਭਈ ਅਸੀਂ ਉਹ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਆਸ ਦੇ ਅਨੁਸਾਰ ਸਦੀਪਕ ਜੀਵਨ ਦੇ ਅਧਕਾਰੀ ਹੋਈਏ।
8 ਇਹ ਬਚਨ ਸਤ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਵਿਖੇ ਪਕਿਆਈ ਨਾਲ ਬੋਲਿਆ ਕਰੇਂ ਭਈ ਜਿਨ੍ਹਾਂ ਪਰਮੇਸ਼ੁਰ ਦੀ ਪਰਤੀਤ ਕੀਤੀ ਹੈ ਓਹ ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣ। ਏਹ ਗੱਲਾਂ ਭਲੀਆਂ ਅਤੇ ਮਨੁੱਖਾਂ ਲਈ ਗੁਣਕਾਰ ਹਨ।
9 ਪਰ ਮੂਰਖਪੁਣੇ ਦਿਆਂ ਪ੍ਰਸ਼ਨਾਂ ਅਤੇ ਕੁਲਪੱਤ੍ਰੀਆਂ ਅਤੇ ਝਗੜਿਆਂ ਅਤੇ ਉਨ੍ਹਾਂ ਬਖੇੜਿਆਂ ਤੋਂ ਜਿਹੜੇ ਸ਼ਰਾ ਦੇ ਵਿਖੇ ਹੋਣ ਲਾਂਭੇ ਰਹੁ ਕਿਉਂ ਜੋ ਏਹ ਨਿਸਫਲ ਅਤੇ ਅਕਾਰਥ ਹਨ।
10 ਜਿਹੜਾ ਮਨੁੱਖ ਕੁਪੰਥੀ ਹੋਵੇ ਇੱਕ ਦੋ ਵਾਰੀ ਉਹ ਨੂੰ ਮੱਤ ਦੇ ਕੇ ਉਸ ਤੋਂ ਪਰੇ ਰਹੁ।
11 ਕਿਉਂ ਜੋ ਤੂੰ ਜਾਣਦਾ ਹੈਂ ਭਈ ਇਹੋ ਜਿਹਾ ਮਨੁੱਖ ਬੇਮੁਖ ਹੋਇਆ ਹੋਇਆ ਹੈ ਅਤੇ ਪਾਪ ਕਰਦਾ ਅਤੇ ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ।
12 ਜਦ ਮੈਂ ਅਰਤਿਮਾਸ ਯਾ ਤੁਖਿਕੁਸ ਨੂੰ ਤੇਰੇ ਕੋਲ ਘੱਲਾਂ ਤਾਂ ਤੂੰ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦੀ ਦਲੀਲ ਕੀਤੀ ਹੈ।
13 ਜ਼ੇਨਸ ਸ਼ਰਾ ਦੇ ਪੜ੍ਹਾਉਣ ਵਾਲੇ ਅਤੇ ਅਪੁੱਲੋਸ ਨੂੰ ਜਤਨ ਕਰ ਕੇ ਅਗਾਹਾਂ ਤੋਰ ਦਿਹ ਭਈ ਓਹਨਾਂ ਨੂੰ ਕਾਸੇ ਦੀ ਥੁੜ ਨਾ ਹੋਵੇ।
14 ਅਤੇ ਸਾਡੇ ਲੋਕਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਭਈ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣ ਭਈ ਓਹ ਨਿਸਫਲ ਨਾ ਰਹਿਣ।
15 ਸੱਭੇ ਜੋ ਮੇਰੇ ਨਾਲ ਹਨ ਤੇਰੀ ਸੁਖ ਸਾਂਦ ਪੁੱਛਦੇ ਹਨ। ਜਿਹੜੇ ਨਿਹਚਾ ਵਿਖੇ ਸਾਡੇ ਨਾਲ ਤਿਹ ਰੱਖਦੇ ਹਨ ਓਹਨਾਂ ਨੂੰ ਸੁਖ ਸਾਂਦ ਆਖੀਂ। ਤੁਸਾਂ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ।