ਕਾਂਡ 111

ਹਲਲੂਯਾਹ! ਮੈਂ ਆਪਣੇ ਸਾਰੇ ਦਿਲ ਨਾਲ, ਸਿੱਧਿਆਂ ਦੀ ਪਰਿਹਾ ਤੇ ਮੰਡਲੀ ਵਿੱਚ ਯਹੋਵਾਹ ਦਾ ਧੰਨਵਾਦ ਕਰਾਂਗਾ।
2 ਯਹੋਵਾਹ ਦੇ ਕੰਮ ਵੱਡੇ ਹਨ, ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ ਉਨ੍ਹਾਂ ਨੂੰ ਭਾਲਦੇ ਹਨ।
3 ਉਹ ਦੀ ਕਰਨੀ ਤੇਜ ਅਤੇ ਉਪਮਾ ਹੈ, ਅਤੇ ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ।
4 ਉਹ ਨੇ ਆਪਣੇ ਅਚਰਜ ਕੰਮਾਂ ਨੂੰ ਇੱਕ ਯਾਦਗਾਰ ਬਣਾਇਆ, ਯਹੋਵਾਹ ਦਯਾਲੂ ਤੇ ਕਿਰਪਾਲੂ ਹੈ।
5 ਉਹ ਨੇ ਆਪਣੇ ਡਰਨ ਵਾਲਿਆਂ ਨੂੰ ਖਾਣਾ ਦਿੱਤਾ, ਉਹ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖੇਗਾ।
6 ਉਹ ਨੇ ਆਪਣੇ ਕੰਮਾਂ ਦਾ ਬਲ ਆਪਣੀ ਪਰਜਾ ਨੂੰ ਵਿਖਾਇਆ, ਜਦੋਂ ਉਹ ਨੇ ਉਨ੍ਹਾਂ ਨੂੰ ਕੌਮਾਂ ਦੀ ਮਿਰਾਸ ਦਿੱਤੀ।
7 ਉਹ ਦੇ ਹੱਥਾਂ ਦੇ ਕੰਮ ਸਚਿਆਈ ਤੇ ਨਿਆਉਂ ਦੇ ਹਨ, ਉਹ ਦੇ ਫ਼ਰਮਾਨ ਵਫ਼ਾਦਾਰੀ ਦੇ ਹਨ।
8 ਓਹ ਸਦਾ ਹੀ ਅਟੱਲ ਰਹਿਣਗੇ, ਓਹ ਸਚਿਆਈ ਤੇ ਸਿੱਧਿਆਈ ਨਾਲ ਕੀਤੇ ਗਏ ਹਨ।
9 ਉਹ ਨੇ ਆਪਣੀ ਪਰਜਾ ਲਈ ਨਿਸਤਾਰਾ ਘੱਲਿਆ, ਉਹ ਨੇ ਆਪਣੇ ਨੇਮ ਦਾ ਸਦਾ ਲਈ ਹੁਕਮ ਦਿੱਤਾ ਹੈ, ਉਹ ਦਾ ਨਾਮ ਪਵਿੱਤਰ ਤੇ ਭੈ ਦਾਇਕ ਹੈ!
10 ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ, ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਦੀ ਸਮਝ ਚੰਗੀ ਹੈ, ਉਹ ਦੀ ਉਸਤਤ ਸਦਾ ਤੀਕ ਬਣੀ ਰਹੇਗੀ।