0:00
0:00

ਕਾਂਡ 149

ਹਲਲੂਯਾਹ! ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ!
2 ਇਸਰਾਏਲ ਆਪਣੇ ਕਰਤਾ ਵਿੱਚ ਅਨੰਦ ਹੋਵੇ, ਸੀਯੋਨ ਦੇ ਵਾਸੀ ਆਪਣੇ ਪਾਤਸ਼ਾਹ ਵਿੱਚ ਬਾਗ਼ ਬਾਗ਼ ਹੋਣ।
3 ਓਹ ਨਿਰਤਕਾਰੀ ਕਰਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ, ਅਤੇ ਤਬਲਾ ਤੇ ਸਿਤਾਰ ਵਜਾਉਂਦੇ ਹੋਏ ਉਹ ਦਾ ਭਜਨ ਗਾਉਣ!
4 ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਜੋ ਹੈ, ਉਹ ਮਸਕੀਨਾਂ ਨੂੰ ਫ਼ਤਹ ਨਾਲ ਸਿੰਗਾਰੇਗਾ,
5 ਸੰਤ ਮਹਿਮਾ ਵਿੱਚ ਬਾਗ਼ ਬਾਗ਼ ਹੋਣ, ਓਹ ਆਪਣਿਆਂ ਵਿਛਾਉਣਿਆਂ ਉੱਤੇ ਜੈਕਾਰਾ ਗਜਾਉਣ!
6 ਪਰਮੇਸ਼ੁਰ ਦੀਆਂ ਵਡਿਆਈਆਂ ਉਨ੍ਹਾਂ ਦੇ ਕੰਠ ਵਿੱਚ ਹੋਣ, ਅਤੇ ਉਨ੍ਹਾਂ ਦੇ ਹੱਥ ਵਿੱਚ ਦੁਧਾਰੀ ਤਲਵਾਰ,
7 ਭਈ ਪਰਾਈਆਂ ਕੌਮਾਂ ਤੋਂ ਬਦਲਾ ਲੈਣ, ਅਤੇ ਉੱਮਤਾਂ ਨੂੰ ਝਿੜਕੀ ਦੇਣ,
8 ਅਤੇ ਉਨ੍ਹਾਂ ਦੇ ਰਾਜਿਆਂ ਨੂੰ ਸੰਗਲਾਂ ਨਾਲ, ਤੇ ਉਨ੍ਹਾਂ ਦੇ ਪਤਵੰਤਿਆਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,
9 ਅਤੇ ਲਿਖੇ ਹੋਏ ਫ਼ਤਵੇ ਓਹਨਾਂ ਉੱਤੇ ਚਲਾਉਣ,— ਏਹ ਉਹ ਦੇ ਸਾਰੇ ਸੰਤਾਂ ਦਾ ਮਾਣ ਹੈ। ਹਲਲੂਯਾਹ!।