ਜ਼ਬੂਰ
ਕਾਂਡ 74
ਆਸਾਫ਼ ਦਾ ਮਸਕੀਲ ਹੇ ਪਰਮੇਸ਼ੁਰ, ਤੈਂ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ? ਤੇਰੀ ਜੂਹ ਦੀਆਂ ਭੇਡਾਂ ਉੱਤੇ ਤੇਰੇ ਕ੍ਰੋਧ ਦਾ ਧੂੰਆਂ ਕਿਉਂ ਉੱਠਦਾ ਹੈ? 
2    ਆਪਣੀ ਮੰਡਲੀ ਨੂੰ ਜਿਹ ਨੂੰ ਤੈਂ ਚਿਰਾਂ ਤੋਂ ਮੁੱਲ ਲਿਆ ਹੈ, ਅਤੇ ਆਪਣੇ ਅਧਕਾਰ ਦੇ ਗੋਤ ਹੋਣ ਲਈ ਛੁਡਾਇਆ ਹੈ ਚੇਤੇ ਕਰ, ਨਾਲੇ ਇਸ ਸੀਯੋਨ ਪਰਬਤ ਨੂੰ ਜਿੱਥੇ ਤੂੰ ਰਿਹਾ ਹੈਂ।     
3    ਸਦਾ ਦਿਆਂ ਖੋਲਿਆਂ ਵੱਲ ਕਦਮ ਉਠਾ, ਅਰਥਾਤ ਉਸ ਸਾਰੀ ਖਰਾਬੀ ਵੱਲ ਵੀ, ਜਿਹੜੀ ਪਵਿੱਤਰ ਥਾਂ ਵਿੱਚ ਵੈਰੀ ਨੇ ਕੀਤੀ ਹੈ।     
4    ਤੇਰੇ ਵਿਰੋਧੀ ਤੇਰੀ ਮੰਡਲੀ ਵਿੱਚ ਗੱਜਦੇ ਰਹੇ, ਉਨ੍ਹਾਂ ਨੇ ਨਿਸ਼ਾਨ ਲਈ ਆਪਣੇ ਝੰਡੇ ਖੜੇ ਕੀਤੇ ਹਨ।     
5    ਓਹ ਅਜੇਹੇ ਦਿੱਸਦੇ ਪਏ ਹਨ ਭਈ ਜਾਣੋ ਬਿਰਛਾਂ ਦੀ ਝੰਗੀ ਉੱਤੇ ਮਨੁੱਖ ਕੁਹਾੜੇ ਚਲਾ ਰਹੇ ਹਨ!     
6    ਹੁਣ ਉਹ ਦੀਆਂ ਉੱਕਰੀਆਂ ਹੋਈਆਂ ਵਸਤਾਂ ਨੂੰ ਇੱਕ ਸੰਗ ਕੁਹਾੜੀਆਂ ਅਤੇ ਹਥੌੜਿਆਂ ਨਾਲ ਭੰਨ ਸੁੱਟਦੇ ਹਨ!     
7    ਉਨ੍ਹਾਂ ਨੇ ਤੇਰੇ ਪਵਿੱਤਰ ਥਾਂ ਨੂੰ ਅੱਗ ਲਾਈ ਹੈ, ਉਨ੍ਹਾਂ ਨੇ ਤੇਰੇ ਨਾਮ ਦੇ ਡੇਹਰੇ ਨੂੰ ਭੋਂ ਤੀਕ ਢਾਹ ਕੇ ਭਰਿਸ਼ਟ ਕੀਤਾ ਹੈ।     
8    ਉਨ੍ਹਾਂ ਨੇ ਆਪਣੇ ਮਨ ਵਿੱਚ ਆਖਿਆ ਹੈ, ਆਓ, ਅਸੀਂ ਉਨ੍ਹਾਂ ਨੂੰ ਉੱਕਾ ਹੀ ਦਬਾਈਏ! ਉਨ੍ਹਾਂ ਨੇ ਦੇਸ ਵਿੱਚ ਪਰਮੇਸ਼ੁਰ ਦੀਆਂ ਸਾਰੀਆਂ ਸਮਾਜਾਂ ਨੂੰ ਫੂਕ ਸੁੱਟਿਆ ਹੈ।     
9    ਆਪਣੇ ਨਿਸ਼ਾਨ ਅਸੀਂ ਨਹੀਂ ਵੇਖਦੇ, ਹੁਣ ਕੋਈ ਨਬੀ ਨਹੀਂ ਰਿਹਾ, ਨਾ ਕੋਈ ਸਾਡੇ ਵਿੱਚ ਜਾਣਦਾ ਹੈ ਕਿ ਏਹ ਕਦ ਤੀਕ ਰਹੇਗਾ।     
10  ਕਦ ਤੀਕ, ਹੇ ਪਰਮੇਸ਼ੁਰ, ਵਿਰੋਧੀ ਨਿੰਦਿਆ ਕਰੇਗਾ? ਭਲਾ, ਵੈਰੀ ਸਦਾ ਤੀਕ ਤੇਰੇ ਨਾਮ ਉੱਤੇ ਕੁਫ਼ਰ ਬਕੇਗਾ? 
11  ਤੂੰ ਆਪਣਾ ਹੱਥ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਦਾ ਹੈਂ? ਉਹ ਨੂੰ ਆਪਣੀ ਬਗਲ ਵਿੱਚੋਂ ਕੱਢ ਕੇ ਉਨ੍ਹਾਂ ਦਾ ਅੰਤ ਕਰ! 
12  ਪਰ ਪਰਮੇਸ਼ੁਰ ਪਰਾਚੀਨ ਤੋਂ ਮੇਰਾ ਪਾਤਸ਼ਾਹ ਹੈ, ਉਹ ਧਰਤੀ ਉੱਤੇ ਬਚਾਓ ਦੇਈ ਜਾਂਦਾ ਹੈ। 
13  ਤੈਂ ਆਪਣੀ ਸਮਰਥ ਨਾਲ ਸਮੁੰਦਰ ਨੂੰ ਪਾੜਿਆ ਹੈ, ਪਾਣੀ ਵਿੱਚ ਜਲ ਜੰਤੂਆਂ ਦੇ ਸਿਰ ਤੈਂ ਭੰਨ ਸੁੱਟੇ। 
14  ਤੈਂ ਲਿਵਯਾਥਾਨ ਦਿਆਂ ਸਿਰਾਂ ਨੂੰ ਫਿਂਹ ਸੁੱਟਿਆ, ਤੈਂ ਉਹ ਰੋਹੀ ਦੇ ਵਾਸੀਆਂ ਨੂੰ ਖੁਆਇਆ। 
15  ਤੈਂ ਸੋਤਾ ਅਤੇ ਨਦੀ ਖੋਲ੍ਹੀ, ਤੈਂ ਬਾਰਾਂ ਮਾਸੀ ਦਰਿਆਵਾਂ ਨੂੰ ਸੁਕਾ ਦਿੱਤਾ। 
16  ਦਿਨ ਤੇਰਾ ਅਤੇ ਰਾਤ ਵੀ ਤੇਰੀ ਹੈ, ਤੈਂ ਉਜਾਲੇ ਅਤੇ ਸੂਰਜ ਨੂੰ ਕਾਇਮ ਕਰ ਰੱਖਿਆ ਹੈ। 
17  ਤੈਂ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਠਹਿਰਾਇਆ ਹੈ, ਉਨ੍ਹਾਲ ਅਰ ਸਿਆਲ ਨੂੰ ਤੈਂ ਹੀ ਬਣਾਇਆ ਹੈ। 
18  ਹੇ ਯਹੋਵਾਹ, ਤੂੰ ਇਹ ਨੂੰ ਚੇਤੇ ਰੱਖ ਭਈ ਵੈਰੀ ਨੇ ਨਿੰਦਿਆ ਕੀਤੀ, ਅਤੇ ਮੂਰਖ ਲੋਕਾਂ ਨੇ ਤੇਰੇ ਨਾਮ ਉੱਤੇ ਕੁਫ਼ਰ ਬਕਿਆ ਹੈ! 
19  ਆਪਣੀ ਖੁਮਰੀ ਦੇ ਪ੍ਰਾਣਾਂ ਨੂੰ ਜੰਗਲੀ ਚੌਪਾਏ ਦੇ ਵੱਸ ਵਿੱਚ ਨਾ ਕਰ, ਆਪਣੇ ਮਸਕੀਨਾਂ ਦੀ ਜਾਨ ਨੂੰ ਸਦਾ ਤੀਕ ਨਾ ਵਿਸਾਰ! 
20  ਆਪਣੇ ਨੇਮ ਵੱਲ ਧਿਆਨ ਰੱਖ, ਕਿਉਂ ਜੋ ਧਰਤੀ ਦੇ ਅਨ੍ਹੇਰੇ ਥਾਂ ਅਨ੍ਹੇਰ ਦਿਆਂ ਨਿਵਾਸਾਂ ਨਾਲ ਭਰੇ ਹੋਏ ਹਨ! 
21  ਸਤਾਏ ਹੋਏ ਨੂੰ ਲੱਜਿਆਵਾਨ ਹੋ ਕੇ ਮੁੜਨਾ ਨਾ ਪਵੇ, ਮਸਕੀਨ ਅਤੇ ਕੰਗਾਲ ਤੇਰੇ ਨਾਮ ਦੀ ਉਸਤਤ ਕਰਨ। 
22  ਹੇ ਪਰਮੇਸ਼ੁਰ, ਉੱਠ ਆਪਣਾ ਮੁਦੱਪਾ ਆਪ ਹੀ ਲੜ, ਚੇਤੇ ਰੱਖ ਭਈ ਮੂਰਖ ਸਾਰਾ ਦਿਨ ਕਿਵੇਂ ਤੇਰੀ ਨਿੰਦਿਆ ਕਰਦਾ ਹੈ! 
23  ਆਪਣੇ ਵਿਰੋਧੀਆਂ ਦੀ ਅਵਾਜ਼ ਨੂੰ ਨਾ ਵਿਸਾਰ, ਤੇਰੇ ਮੁਖਾਲਿਫਾਂ ਦਾ ਰੌਲਾ ਨਿੱਤ ਉੱਠਦਾ ਰਹਿੰਦਾ ਹੈ।