0:00
0:00

ਕਾਂਡ 71

ਹੇ ਯਹੋਵਾਹ, ਮੈਂ ਤੇਰੀ ਹੀ ਸ਼ਰਨ ਆਇਆ ਹਾਂ, ਮੈਨੂੰ ਕਦੇ ਲੱਜਿਆਵਾਨ ਨਾ ਹੋਣ ਦੇਹ!
2 ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਤੇ ਮੈਨੂੰ ਛੁਡਾ, ਮੇਰੀ ਵੱਲ ਕੰਨ ਧਰ ਤੇ ਮੈਨੂੰ ਬਚਾ!
3 ਤੂੰ ਮੇਰੇ ਨਿਵਾਸ ਦੀ ਚਟਾਨ ਬਣ ਜਿੱਥੇ ਮੈਂ ਨਿੱਤ ਜਾਇਆ ਕਰਾਂ, ਤੈਂ ਮੇਰੇ ਬਚਾਓ ਦੀ ਆਗਿਆ ਕੀਤੀ ਹੈ, ਕਿਉਂ ਜੋ ਤੂੰ ਹੀ ਮੇਰੀ ਚਟਾਨ ਅਰ ਮੇਰਾ ਗੜ੍ਹ ਹੈਂ।
4 ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਅਤੇ ਅਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ!
5 ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ ਤੋਂ ਮੇਰਾ ਭਰੋਸਾ ਹੈਂ।
6 ਜਦੋਂ ਦਾ ਮੈਂ ਜੰਮਿਆ ਤਦੋਂ ਹੀ ਦਾ ਮੈਂ ਤੈਥੋਂ ਸਾਂਭਿਆ ਗਿਆ ਹਾਂ, ਮੇਰੀ ਮਾਤਾ ਦੀ ਕੁੱਖ ਤੋਂ ਤੈਂ ਹੀ ਮੈਨੂੰ ਕੱਢਿਆ, ਮੈਂ ਸਦਾ ਤੇਰੀ ਉਸਤਤ ਕਰਾਂਗਾ।
7 ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ, ਪਰ ਤੂੰ ਮੇਰੀ ਪੱਕੀ ਪਨਾਹ ਹੈਂ।
8 ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੇ ਮਾਣ ਨਾਲ ਸਾਰਾ ਦਿਨ ਭਰਿਆ ਰਹੇਗਾ।
9 ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ!
10 ਮੇਰੇ ਵੈਰੀ ਤਾਂ ਮੇਰੇ ਵਿਖੇ ਆਖਦੇ ਹਨ, ਅਤੇ ਮੇਰੀ ਜਾਨ ਦੇ ਲਾਗੂ ਆਪੋ ਵਿੱਚ ਮਤਾ ਮਤਾਉਂਦੇ ਹਨ।
11 ਓਹ ਕਹਿੰਦੇ ਹਨ ਭਈ ਪਰਮੇਸ਼ੁਰ ਨੇ ਉਹ ਨੂੰ ਤਿਆਗ ਦਿੱਤਾ ਹੈ, ਉਹ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੋ, ਕਿਉਂ ਜੋ ਛੁਡਾਉਣ ਵਾਲਾ ਕੋਈ ਨਹੀਂ ਹੈ।
12 ਹੇ ਪਰਮੇਸ਼ੁਰ, ਮੈਥੋਂ ਦੂਰ ਨਾ ਰਹੁ, ਹੇ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਛੇਤੀ ਕਰ!
13 ਜੋ ਮੇਰੀ ਜਾਨ ਦੇ ਵਿਰੋਧੀ ਹਨ ਓਹ ਲੱਜਿਆਵਾਨ ਅਤੇ ਬੱਸ ਹੋ ਜਾਣ, ਜੋ ਮੇਰਾ ਬੁਰਾ ਚਾਹੁੰਦੇ ਹਨ ਓਹ ਉਲਾਹਮੇ ਅਤੇ ਨਿਰਾਦਰੀ ਵਿੱਚ ਢੱਕੇ ਜਾਣ!
14 ਪਰ ਮੈਂ ਨਿੱਤ ਆਸਰਾ ਰੱਖੀ ਜਾਵਾਂਗਾ, ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਵਾਂਗਾ।
15 ਮੇਰਾ ਮੂੰਹ ਸਾਰੇ ਦਿਨ ਤੇਰੇ ਧਰਮ ਅਰ ਤੇਰੀ ਮੁਕਤੀ ਦਾ ਵਰਣਨ ਕਰੇਗਾ, ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸੱਕਦਾ।
16 ਮੈਂ ਪ੍ਰਭੁ ਯਹੋਵਾਹ ਦੇ ਬਲ ਵਿੱਚ ਜਾਵਾਂਗਾ, ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ।
17 ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।
18 ਸੋ ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।
19 ਨਾਲੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ, ਤੈਂ ਵੱਡੇ ਵੱਡੇ ਕੰਮ ਕੀਤੇ ਹਨ! ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈ?
20 ਤੂੰ ਜਿਸ ਨੇ ਮੈਨੂੰ ਬਹੁਤ ਤੇ ਬੁਰੀਆਂ ਬਿਪਤਾਂ ਵਿਖਾਈਆਂ ਹਨ, ਮੁੜ ਕੇ ਮੈਨੂੰ ਜਿਵਾਏਂਗਾ, ਅਤੇ ਧਰਤੀ ਦੀਆਂ ਡੁੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ,
21 ਤੂੰ ਮੇਰੀ ਵਡਿਆਈ ਵਧਾ, ਅਤੇ ਮੁੜ ਕੇ ਮੈਨੂੰ ਦਿਲਾਸਾ ਦੇਹ।
22 ਹੇ ਮੇਰੇ ਪਰਮੇਸ਼ੁਰ, ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ।
23 ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ, ਅਤੇ ਮੇਰੀ ਜਾਨ ਵੀ ਜਿਹ ਨੂੰ ਤੈਂ ਨਿਸਤਾਰਾ ਦਿੱਤਾ ਹੈ।
24 ਮੇਰੀ ਜੀਭ ਵੀ ਸਾਰਾ ਦਿਨ ਤੇਰੇ ਧਰਮ ਦਾ ਚਰਚਾ ਕਰੇਗੀ, ਕਿਉਂਕਿ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਲੱਜਿਆਵਾਨ ਅਤੇ ਸ਼ਰਮਿੰਦੇ ਹਨ।